ਪਾਬੰਦੀ ਦੇ ਬਾਵਜੂਦ ਅਸਮਾਨ ਵਿੱਚ ਉੱਡ ਰਹੀ ਖ਼ੂਨੀ ਚਾਈਨਾ ਡੋਰ ਮਾਸੂਮ ਜਾਨਾਂ ਲਈ ਕਾਲ ਬਣਦੀ ਜਾ ਰਹੀ ਹੈ। ਖੰਨਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਪ੍ਰਸ਼ਾਸਨਿਕ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਇੱਥੇ ਇੱਕ ਮਿਹਨਤਕਸ਼ ਨੌਜਵਾਨ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਕਾਰਨ ਉਸ ਦੇ ਗਰੀਬ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਕੰਮ ਤੋਂ ਘਰ ਪਰਤਦੇ ਸਮੇਂ ਹੋਇਆ ਹਾਦਸਾ
ਜਾਣਕਾਰੀ ਅਨੁਸਾਰ 40 ਸਾਲਾ ਰਵੀਕਾਂਤ, ਜੋ ਕਿ ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਰਦਾ ਹੈ, ਸ਼ਾਮ ਵੇਲੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਖੰਨਾ ਪਰਤ ਰਿਹਾ ਸੀ। ਜਿਵੇਂ ਹੀ ਉਹ ਫੋਕਲ ਪੁਆਇੰਟ ਪੁਲ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਚਾਈਨਾ ਡੋਰ ਉਸ ਦੀ ਗਰਦਨ ਅਤੇ ਮੋਢੇ ਦੁਆਲੇ ਫਸ ਗਈ। ਡੋਰ ਇੰਨੀ ਤੇਜ਼ ਸੀ ਕਿ ਉਸ ਨੇ ਜੈਕਟ ਤੇ ਕਮੀਜ਼ ਨੂੰ ਚੀਰਦੇ ਹੋਏ ਰਵੀਕਾਂਤ ਦੀ ਬਾਂਹ 'ਤੇ ਡੂੰਘਾ ਕੱਟ ਮਾਰ ਦਿੱਤਾ। ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਰਵੀਕਾਂਤ ਮੌਕੇ 'ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ।
ਗਰੀਬ ਪਰਿਵਾਰ 'ਤੇ ਆਰਥਿਕ ਬੋਝ
ਜ਼ਖ਼ਮੀ ਨੌਜਵਾਨ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਬਾਂਹ ਦੀ ਹਾਲਤ ਨਾਜ਼ੁਕ ਦੇਖਦਿਆਂ ਪਲਾਸਟਿਕ ਸਰਜਰੀ ਦੀ ਸਲਾਹ ਦਿੱਤੀ। ਰਵੀਕਾਂਤ ਦੇ ਇਕਲੌਤਾ ਕਮਾਊ ਹੋਣ ਕਾਰਨ ਪਰਿਵਾਰ ਨੇ ਮਜਬੂਰੀ ਵੱਸ ਨਿੱਜੀ ਹਸਪਤਾਲ ਵਿੱਚ ਮਹਿੰਗਾ ਇਲਾਜ ਕਰਵਾਇਆ, ਜਿਸ ਨੇ ਉਨ੍ਹਾਂ ਨੂੰ ਭਾਰੀ ਕਰਜ਼ੇ ਹੇਠ ਦਬਾ ਦਿੱਤਾ ਹੈ।
ਪ੍ਰਸ਼ਾਸਨ ਤੋਂ ਸਖ਼ਤੀ ਦੀ ਮੰਗ
ਰਵੀਕਾਂਤ ਦੀ ਮਾਂ ਕੈਲਾਸ਼ ਰਾਣੀ ਅਤੇ ਸੱਸ ਮਨਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਇਹ 'ਖ਼ੂਨੀ ਡੋਰ' ਹਰ ਸਾਲ ਕਈ ਘਰਾਂ ਦੇ ਚਿਰਾਗ ਬੁਝਾ ਦਿੰਦੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਇਸ ਡੋਰ 'ਤੇ ਪਾਬੰਦੀ ਹੈ, ਤਾਂ ਇਹ ਬਾਜ਼ਾਰਾਂ ਵਿੱਚ ਸ਼ਰੇਆਮ ਕਿਵੇਂ ਵਿਕ ਰਹੀ ਹੈ?
ਇਸ ਘਟਨਾ ਤੋਂ ਬਾਅਦ ਖੰਨਾ ਵਾਸੀਆਂ ਵਿੱਚ ਭਾਰੀ ਰੋਸ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕਰੇ ਅਤੇ ਸ਼ਹਿਰ ਵਿੱਚ ਸਖ਼ਤ ਚੈਕਿੰਗ ਅਭਿਆਨ ਚਲਾਇਆ ਜਾਵੇ ਤਾਂ ਜੋ ਕੋਈ ਹੋਰ ਇਸ ਜਾਨਲੇਵਾ ਡੋਰ ਦਾ ਸ਼ਿਕਾਰ ਨਾ ਬਣੇ।

