HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਚਾਰ ਪੈਟਰੋਲ ਬੰਬਾਂ ਤੇ 3 ਪਿਸਤੌਲਾਂ ਸਮੇਤ 9 ਕਾਬੂ

 

ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਚਾਰ ਪੈਟਰੋਲ ਬੰਬਾਂ ਤੇ 3 ਪਿਸਤੌਲਾਂ ਸਮੇਤ 9 ਕਾਬੂ

ਅੰਮ੍ਰਿਤਸਰ, 4 ਅਗਸਤ (ਵਿਸ਼ਵ ਵਾਰਤਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਆਈ.ਐਸ.ਆਈ. ਦੀ ਹਮਾਇਤ ਵਾਲੇ ਦੋ ਸਰਹੱਦ ਪਾਰਲੇ ਅੱਤਵਾਦੀ ਮੋਡਿਊਲਾਂ ਦਾ ਪਰਦਾਫਾਸ਼ ਕਰਕੇ ਚਾਰ ਨਾਬਾਲਗਾਂ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 9 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਗੈਰ-ਕਾਨੂੰਨੀ ਪਿਸਤੌਲ ਅਤੇ ਚਾਰ ਪੈਟਰੋਲ ਬੰਬ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵੰਸ਼ ਕੁਮਾਰ (19) ਅਤੇ ਅਨਮੋਲ ਸਿੰਘ ਉਰਫ਼ ਸਾਹਿਲ (20) ਦੋਵੇਂ ਵਾਸੀ ਪੱਟੀ (ਤਰਨ ਤਾਰਨ); ਹਰਮਨ ਸਿੰਘ ਉਰਫ਼ ਹੰਮੂ (24) ਅਤੇ ਸੁਖਦੇਵ ਸਿੰਘ (30) ਦੋਵੇਂ ਵਾਸੀ ਪਿੰਡ ਝੰਜੋਟੀ (ਅੰਮ੍ਰਿਤਸਰ); ਸੁਖਮਨ ਸਿੰਘ (19) ਵਾਸੀ ਪਿੰਡ ਜੋਥ (ਅੰਮ੍ਰਿਤਸਰ) ਵਜੋਂ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਵਿੱਚ ਚਾਰ ਨਾਬਾਲਗ ਵੀ ਸ਼ਾਮਲ ਹੈ। ਪਿਸਤੌਲਾਂ ਅਤੇ ਪੈਟਰੋਲ ਬੰਬਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ਦੀ ਵਰਤੋਂ ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰ ਰਹੇ ਸਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਆਈ.ਐਸ.ਆਈ. ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ, ਜੋ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਸੁਰੱਖਿਆ ਅਦਾਰਿਆਂ ਦੀ ਰੇਕੀ ਕਰਨ, ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਅਤੇ ਅਮਨ-ਸ਼ਾਂਤੀ ਭੰਗ ਕਰਨ ਲਈ ਸਥਾਨਕ ਨੌਜਵਾਨਾਂ ਨੂੰ ਭਰਤੀ ਕਰਦੇ ਸਨ।
ਡੀ.ਜੀ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਰੇਲਵੇ ਟਰੈਕਾਂ ਦੇ ਨੇੜੇ ਸਰਵੇਲੈਂਸ ਕੈਮਰੇ ਲਗਾਉਣ ਦਾ ਵੀ ਪਤਾ ਲੱਗਾ ਹੈ, ਜਿਨ੍ਹਾਂ ਦੀ ਫੁਟੇਜ ਵਿਦੇਸ਼ੀ ਹੈਂਡਲਰਾਂ ਨਾਲ ਸਾਂਝੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਆਈ.ਐਸ.ਆਈ. ਸਮਰਥਿਤ ਨੈੱਟਵਰਕ ਦੇ ਬਾਕੀ ਮੈਂਬਰਾਂ ਦੀ ਪਛਾਣ ਕਰਨ, ਅਗਲੇ-ਪਿਛਲੇ ਸਬੰਧਾਂ ਅਤੇ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਇਸ ਗਿਰੋਹ ਦੀ ਹੋਰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਠੋਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵੰਸ਼ ਕੁਮਾਰ ਨੂੰ ਉਸ ਦੇ ਇੱਕ ਨਾਬਾਲਗ ਸਾਥੀ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ ਗੈਰ-ਕਾਨੂੰਨੀ .32 ਬੋਰ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਖੁਲਾਸੇ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅਨਮੋਲ ਸਿੰਘ ਉਰਫ਼ ਸਾਹਿਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਮੁਲਜ਼ਮਾਂ ਨੂੰ ਬਰਾਮਦ ਕੀਤਾ ਹਥਿਆਰ ਸਪਲਾਈ ਕੀਤਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੇਲਵੇ ਟਰੈਕਾਂ ਦੇ ਨੇੜੇ ਸਰਵੇਲੈਂਸ ਕੈਮਰੇ ਲਗਾਉਣ ਨਾਲ ਸਬੰਧਤ ਵਿੱਤੀ ਲੈਣ-ਦੇਣ ਪੇਟੀਐਮ ਰਾਹੀਂ ਜੇਲ੍ਹ ਵਿੱਚ ਬੰਦ ਸੁਖਦੇਵ ਸਿੰਘ ਵੱਲੋਂ ਹਰਮਨ ਸਿੰਘ ਉਰਫ਼ ਹੰਮੂ ਦੇ ਕਹਿਣ ‘ਤੇ ਕੀਤਾ ਗਿਆ ਸੀ, ਜੋ ਦੋਵੇਂ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਸਨ ਅਤੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਇਸ ਕੇਸ ਵਿੱਚ ਉਨ੍ਹਾਂ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੁਲਜ਼ਮ ਅਨਮੋਲ, ਉਸ ਦੇ ਸਾਥੀਆਂ ਅਤੇ ਰੇਲਵੇ ਟਰੈਕਾਂ ਦੇ ਨਾਲ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਅੱਗੇ ਦੀ ਜਾਂਚ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਰਸਮੀ ਤੌਰ ‘ਤੇ ਗਵਰਨਮੈਂਟ ਰੇਲਵੇ ਪੁਲਿਸ (ਜੀ.ਆਰ.ਪੀ.) ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋਸ਼ੀ ਸੁਖਦੇਵ ਸਿੰਘ ਅਤੇ ਹਰਮਨ ਸਿੰਘ ਉਰਫ਼ ਹੰਮੂ ਥਾਣਾ ਰਾਜਾਸਾਂਸੀ ਵਿਖੇ ਦਰਜ ਅਸਲਾ ਐਕਟ ਦੇ ਇੱਕ ਕੇਸ ਵਿੱਚ ਵੀ ਨਾਮਜ਼ਦ ਹਨ, ਜਿਸ ਵਿੱਚ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਗਲੋਕ ਪਿਸਤੌਲਾਂ ਬਰਾਮਦ ਹੋਈਆਂ ਸਨ। ਇੱਕ ਹੋਰ ਕਾਰਵਾਈ ਵਿੱਚ, ਸੀ.ਪੀ. ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਠੋਸ ਇਤਲਾਹ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇੱਕ ਟੀਚਾਗਤ ਆਪਰੇਸ਼ਨ ਤਹਿਤ ਦੋ ਨਾਬਾਲਗਾਂ ਨੂੰ .32 ਬੋਰ ਦੇਸੀ ਪਿਸਤੌਲ, ਦੋ ਪੈਟਰੋਲ ਬੰਬ ਅਤੇ ਇੱਕ ਲਾਈਟਰ ਸਮੇਤ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਦੋ ਸਾਥੀਆਂ— ਸੁਖਮਨ ਸਿੰਘ ਅਤੇ ਦੂਜਾ ਨਾਬਾਲਗ ਸਾਥੀ— ਨਾਲ ਮਿਲ ਕੇ ਸਾਜ਼ਿਸ਼ ਨੂੰ ਅੰਜਾਮ ਦੇਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਮੁਲਜ਼ਮਾਂ ਦੇ ਉਕਤ ਦੋਵੇਂ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਪੈਟਰੋਲ ਬੰਬ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਹੋਇਆ ਹੈ।
ਇਸ ਸਬੰਧ ਵਿੱਚ, ਤਿੰਨ ਵੱਖ-ਵੱਖ ਮਾਮਲੇ— ਥਾਣਾ ਮੋਹਕਮਪੁਰਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 317(2), 238 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰਬਰ 97 ਮਿਤੀ 11.07.2026; ਥਾਣਾ ਏਅਰਪੋਰਟ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25(6,7,8) ਤਹਿਤ ਐਫ.ਆਈ.ਆਰ. ਨੰਬਰ 24 ਮਿਤੀ 29-07-2026; ਅਤੇ ਥਾਣਾ ਸੀ-ਡਿਵੀਜ਼ਨ ਵਿਖੇ ਬੀ.ਐਨ.ਐਸ. ਦੀਆਂ ਧਾਰਾਵਾਂ 326(ਜੀ), 113 ਤੇ 62 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰਬਰ 112 ਮਿਤੀ 02.08.2026 ਦਰਜ ਕੀਤੇ ਗਏ ਹਨ।
Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies