Breaking: ਬਿਹਾਰ ’ਚ ਮਹਾਨੰਦਾ ਐਕਸਪ੍ਰੈੱਸ ਦੇ 2 ਡੱਬੇ ਪਟੜੀ ਤੋਂ ਉਤਰੇ
– ਦਿੱਲੀ ਰੂਟ ਦੀ ਬਜਾਏ ਸਾਸਾਰਾਮ ਲਾਈਨ ਵੱਲ ਚਲੀ ਗਈ ਟਰੇਨ
– ਸਟੇਸ਼ਨ ਮਾਸਟਰ ਸਸਪੈਂਡ
ਚੰਡੀਗੜ੍ਹ, 6 ਸਤੰਬਰ – ਆਰਾ ਵਿੱਚ ਐਤਵਾਰ ਤੜਕੇ ਕਰੀਬ 4 ਵਜੇ 15483 ਅਲੀਪੁਰਦੁਆਰ ਜੰਕਸ਼ਨ-ਦਿੱਲੀ ਮਹਾਨੰਦਾ ਐਕਸਪ੍ਰੈੱਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚ ਇੱਕ ਜਨਰਲ ਅਤੇ ਇੱਕ ਏਸੀ ਕੋਚ ਸ਼ਾਮਲ ਹੈ। ਹਾਦਸੇ ਵਿੱਚ ਕਿਸੇ ਯਾਤਰੀ ਦੇ ਜ਼ਖ਼ਮੀ ਜਾਂ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਇਹ ਘਟਨਾ ਪੰਡਿਤ ਦੀਨ ਦਿਆਲ ਉਪਾਧਿਆਏ-ਦਾਨਾਪੁਰ ਰੇਲ ਸੈਕਸ਼ਨ ’ਤੇ ਵਾਪਰੀ। ਟਰੇਨ ਦੇ ਪਟੜੀ ਤੋਂ ਉਤਰਦੇ ਹੀ ਯਾਤਰੀਆਂ ਅਤੇ ਰੇਲਵੇ ਸਟਾਫ ਵਿੱਚ ਹਫੜਾ-ਦਫੜੀ ਮਚ ਗਈ। ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਜਾਣਕਾਰੀ ਮੁਤਾਬਕ ਮਹਾਨੰਦਾ ਐਕਸਪ੍ਰੈੱਸ ਨੂੰ ਦਿੱਲੀ ਵਾਲੇ ਰੂਟ ’ਤੇ ਜਾਣ ਦੀ ਬਜਾਏ ਗਲਤੀ ਨਾਲ ਸਾਸਾਰਾਮ ਲਾਈਨ ਵੱਲ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਘਟਨਾ ਤੋਂ ਕਰੀਬ ਸਾਢੇ ਤਿੰਨ ਘੰਟਿਆਂ ਬਾਅਦ ਟਰੇਨ ਨੂੰ ਮੁੜ ਰਵਾਨਾ ਕਰ ਦਿੱਤਾ ਗਿਆ, ਜਦਕਿ ਪਟੜੀ ਤੋਂ ਉਤਰੇ ਡੱਬਿਆਂ ਦੀ ਮੁਰੰਮਤ ਦਾ ਕੰਮ ਜਾਰੀ ਹੈ। ਮਾਮਲੇ ਵਿੱਚ ਕਾਰਵਾਈ ਕਰਦਿਆਂ ਆਰਾ ਸਟੇਸ਼ਨ ਮੈਨੇਜਰ ਐੱਨ.ਕੇ. ਰਾਏ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰੇਲਵੇ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਹਾਨੰਦਾ ਐਕਸਪ੍ਰੈੱਸ ਦੇ ਡਿ-ਰੇਲ ਹੋਣ ਕਾਰਨ ਦਿੱਲੀ-ਹਾਵੜਾ ਰੇਲ ਰੂਟ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਵੰਦੇ ਭਾਰਤ, ਵਿਭੂਤੀ ਐਕਸਪ੍ਰੈੱਸ, ਗਾਂਧੀਧਾਮ, ਕੈਪਟਲ ਐਕਸਪ੍ਰੈੱਸ, ਇੰਟਰਸਿਟੀ, ਗਰੀਬ ਰਥ, ਪੈਸੇਂਜਰ ਅਤੇ ਉਧਨਾ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।

