ਦੀਨਾਨਗਰ : ਓਵਰ ਬ੍ਰਿਜ ’ਤੇ ਕੰਮ ਕਰਦੇ ਸਮੇਂ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਬਲਦੇਵ ਸਿੰਘ ਜੋ ਕਿ ਪਿਛਲੇ ਕਈ ਸਾਲਾਂ ਤੋਂ ਦੀਨਾਨਗਰ ਅਤੇ ਬਹਿਰਾਮਪੁਰ ਰੋਡ ਦੇ ਵਿਚਕਾਰ ਰੇਲਵੇ ਓਵਰ ਬ੍ਰਿਜ 'ਤੇ ਕੰਮ ਕਰ ਰਿਹਾ ਹੈ, ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠੀਆਂ ਖੁਰਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਬਲਦੇਵ ਬੀਤੇ ਦਿਨ ਪਰਿਵਾਰ ਨਾਲ ਹੋਲੀ ਮਨਾ ਕੇ ਵਾਪਸ ਆਇਆ ਸੀ। ਅੱਜ ਸਵੇਰੇ ਜਦੋਂ ਰੇਲਵੇ ਪੁਲ ’ਤੇ ਉਸਾਰੀ ਦਾ ਕੰਮ ਕਰ ਰਿਹਾ ਸੀ ਤਾਂ ਵਿਭਾਗ ਦੀ ਲਾਪ੍ਰਵਾਹੀ ਕਾਰਨ ਅਚਾਨਕ ਪੁਲ ’ਤੇ ਲੱਗੀ ਸੇਫਟੀ ਬੈਲਟ ਟੁੱਟ ਗਈ ਅਤੇ ਉਹ ਪੁਲ ਤੋਂ ਸਿੱਧਾ ਹੇਠਾਂ ਡਿੱਗ ਗਿਆ।
ਉਕਤ ਨੌਜਵਾਨ ਦੇ ਡਿੱਗਦੇ ਹੀ ਉਥੇ ਹਫੜਾ-ਦਫੜੀ ਮਚ ਗਈ ਅਤੇ ਆਸ-ਪਾਸ ਕੰਮ ਕਰਦੇ ਨੌਜਵਾਨਾਂ ਨੇ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਅਧੀਨ ਇਸ ਰੇਲਵੇ ਓਵਰ ਬ੍ਰਿਜ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਅਜੇ ਤੱਕ ਰੇਲਵੇ ਓਵਰ ਬ੍ਰਿਜ ਦਾ ਕੰਮ ਮੁਕੰਮਲ ਨਹੀਂ ਹੋ ਰਿਹਾ। ਇੱਥੋਂ ਤੱਕ ਕਿ ਆਉਣ-ਜਾਣ ਵਾਲੇ 100 ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਘਰ ਜਾਣ ਲਈ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਬਰਬਾਦ ਹੋ ਰਹੀ ਹੈ।