ਅਬੋਹਰ (ਪੱਤਰ ਪ੍ਰੇਰਕ): ਅਬੋਹਰ-ਫਾਜ਼ਿਲਕਾ ਰੋਡ ’ਤੇ ਪਿੰਡ ਡੰਗਰਖੇੜਾ ਨੇੜੇ ਅੱਜ ਸਵੇਰੇ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਦੂਜੇ ਡਰਾਈਵਰ ਦਾ ਕਹਿਣਾ ਹੈ ਕਿ ਉਸ ਦੇ ਟਰੱਕ ਦਾ ਟਾਇਰ ਫਟ ਗਿਆ ਸੀ, ਜਿਸ ਕਾਰਨ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸੜਕ 'ਤੇ ਹਾਦਸਾ ਵਾਪਰ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਚਾਲਕ ਸ਼ੰਭੂ ਵਾਸੀ ਜੋਧਪੁਰ, ਰਾਜਸਥਾਨ ਨੇ ਦੱਸਿਆ ਕਿ ਉਹ ਰਾਤ ਕਰੀਬ 11 ਵਜੇ ਜਲੰਧਰ ਤੋਂ ਆਲੂ ਲੈ ਕੇ ਆ ਰਿਹਾ ਸੀ। ਸਵੇਰੇ ਕਰੀਬ 5 ਵਜੇ ਜਦੋਂ ਇਹ ਅਬੋਹਰ-ਫਾਜ਼ਿਲਕਾ ਰੋਡ 'ਤੇ ਪਿੰਡ ਡੰਗਰਖੇੜਾ ਨੇੜੇ ਪਹੁੰਚਿਆ ਤਾਂ ਟਰੱਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਦੂਜੇ ਟਰੱਕ ਨਾਲ ਟਕਰਾ ਗਿਆ। ਹਾਦਸੇ 'ਚ ਉਹ ਵਾਲ-ਵਾਲ ਬਚ ਗਿਆ ਪਰ ਕਾਰ ਦਾ ਕਾਫੀ ਨੁਕਸਾਨ ਹੋ ਗਿਆ।
ਦੂਜੇ ਟਰੱਕ ਡਰਾਈਵਰ ਰਵਿੰਦਰ ਪਾਲ ਨੇ ਦੱਸਿਆ ਕਿ ਉਹ ਅਬੋਹਰ ਤੋਂ ਸਕਰੈਪ ਲੈ ਕੇ ਜਾ ਰਿਹਾ ਸੀ। ਫਾਜ਼ਿਲਕਾ ਸਾਈਡ ਤੋਂ ਆ ਰਹੇ ਟਰੱਕ ਚਾਲਕ ਨੂੰ ਨੀਂਦ ਆ ਗਈ ਅਤੇ ਸਾਹਮਣੇ ਤੋਂ ਟਰੱਕ ਨੂੰ ਆਪਣੇ ਵੱਲ ਲਿਆਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਉਸ ਨੇ ਡਿਪਰ ਵੀ ਦਿੱਤਾ ਪਰ ਉਸ ਨੂੰ ਕੁਝ ਵੀ ਸਮਝ ਨਾ ਆਇਆ ਅਤੇ ਉਸ ਨੇ ਸਿੱਧਾ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹਾਦਸੇ 'ਚ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ।
#ਫਿਰੋਜ਼ਪੁਰ #ਫਿਰੋਜ਼ਪੁਰ ਖਬਰ #ਸੜਕ ਹਾਦਸਾ #ਹਾਦਸਾ #ਪੰਜਾਬਖ਼ਬਰਾਂ

