ਕਪੂਰਥਲਾ: ਕਪੂਰਥਲਾ ਪੁਲਿਸ ਨੇ ਵੱਡੇ ਪੱਧਰ 'ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 7 ਨਾਜਾਇਜ਼ ਪਿਸਤੌਲਾਂ ਅਤੇ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਕਪੂਰਥਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐਸ.ਪੀ.(ਡੀ) ਸਰਬਜੀਤ ਰਾਏ ਅਤੇ ਡੀ.ਐਸ.ਪੀ. (ਡੀ) ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਸ ਟੀਮ ਸਮੇਤ ਸ਼ਹਿਰ ਦੀ ਕਾਂਜਲੀ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਨੇ ਆਪਣਾ ਨਾਂ ਅਤੇ ਪਤਾ ਨੀਰਜ ਕੁਮਾਰ ਉਰਫ ਧੀਰਜ ਕੁਮਾਰ ਉਰਫ ਧੀਰਜ ਯਾਦਵ ਵਾਸੀ ਜ਼ਿਲਾ ਮੁਜ਼ੱਫਰ ਨਗਰ ਬਿਹਾਰ ਦੱਸਿਆ।
ਮੁਲਜ਼ਮ ਦੀ ਤਲਾਸ਼ੀ ਦੌਰਾਨ ਉਸ ਕੋਲੋਂ 4 ਨਜਾਇਜ਼ ਪਿਸਤੌਲ ਅਤੇ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਅੰਤਰਰਾਜੀ ਖਤਰਨਾਕ ਅਪਰਾਧੀ ਹੈ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਵੰਬਰ 2023 ਵਿੱਚ ਲੁਧਿਆਣਾ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਇਨ੍ਹਾਂ ਦਿਨਾਂ ਵਿੱਚ ਫ਼ੌਜੀ ਕਲੋਨੀ, ਲੁਧਿਆਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਬਰਾਮਦ ਕੀਤੇ ਪਿਸਤੌਲ ਉਸ ਨੇ ਬਿਹਾਰ ਤੋਂ ਆਪਣੇ ਇੱਕ ਸਾਥੀ ਤੋਂ 25,000 ਰੁਪਏ ਤੋਂ ਲੈ ਕੇ 30,000 ਰੁਪਏ ਵਿੱਚ ਖਰੀਦੇ ਸਨ ਅਤੇ ਉਹ ਇਨ੍ਹਾਂ ਨੂੰ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਦਾ ਸੀ।

