ਗੁਰਦਾਸਪੁਰ: ਇੱਕ ਮਹਿੰਦਰਾ SUV ਦੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਿਆਰ ਸਥਾਨਕ ਬਾਈਪਾਸ ਨੇੜੇ ਚੰਦਨ ਨਗਰ ਸੂਏ ਕੋਲ ਇੱਕ ਈ-ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਮਹਿੰਦਰਾ ਐਸਯੂਵੀ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਗਈ। ਇਸ ਦੌਰਾਨ ਟਰਾਂਸਫਾਰਮਰ ਦੇ ਨਾਲ-ਨਾਲ ਬਿਜਲੀ ਦੇ ਦੋ ਖੰਭੇ ਟੁੱਟ ਗਏ, ਜਿਸ ਕਾਰਨ ਬੀਤੀ ਰਾਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੀ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਹਨ ਮਾਲਕ ਨੇ ਦੱਸਿਆ ਕਿ ਉਹ ਆਪਣੇ ਦੋਸਤ ਅਤੇ ਪਰਿਵਾਰਕ ਮੈਂਬਰ ਨਾਲ ਗੁਰਦਾਸਪੁਰ ਤੋਂ ਬਰਿਆਰ ਬਾਈਪਾਸ 'ਤੇ ਇੱਕ ਢਾਬੇ 'ਤੇ ਖਾਣਾ ਖਾਣ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਇੱਕ ਈ-ਰਿਕਸ਼ਾ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਗੱਡੀ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ, ਜਿਸ ਵਿੱਚ ਦੋ ਖੰਭੇ ਟੁੱਟ ਗਏ ਅਤੇ ਈ-ਰਿਕਸ਼ਾ ਚਾਲਕ ਵੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿੱਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਸਬੰਧੀ ਪਾਵਰਕਾਮ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ 3 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਦਾ ਮੁਆਵਜ਼ਾ ਵਾਹਨ ਮਾਲਕ ਵੱਲੋਂ ਦਿੱਤਾ ਜਾਵੇਗਾ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

