ਮੋਗਾ: ਚੋਰੀਆਂ ਅਤੇ ਡਕੈਤੀਆਂ ਨੂੰ ਅੰਜਾਮ ਦੇਣ ਵਾਲਿਆਂ ਦਾ ਮਨੋਬਲ ਇੰਨਾ ਉੱਚਾ ਹੋ ਗਿਆ ਹੈ ਕਿ ਇਸ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦੀ ਇਕ ਮਿਸਾਲ ਅੱਜ ਸਥਾਨਕ ਸ਼ਹਿਰ ਦੇ ਮੋਗਾ ਰੋਡ 'ਤੇ ਦੇਖਣ ਨੂੰ ਮਿਲੀ, ਜਿੱਥੇ ਇਕ ਲਗਜ਼ਰੀ ਕਾਰ 'ਚ ਆਏ ਦੋ ਲੁਟੇਰਿਆਂ ਨੇ ਇਕ ਔਰਤ ਕੋਲੋਂ ਨਕਦੀ ਅਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਦਿਨ ਦਿਹਾੜੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਵਾਪਰੀ। ਲੁੱਟ ਦੀ ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਪੀੜਤ ਔਰਤ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਜ਼ੀਆਣਾ ਨੇ ਥਾਣਾ ਬਾਘਾ ਪੁਰਾਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਅੱਜ ਜਦੋਂ ਉਹ ਐਕਸਿਸ ਬੈਂਕ ਮੁੱਦਕੀ ਰੋਡ ਬਾਘਾ ਪੁਰਾਣਾ ਤੋਂ ਮੋਗਾ ਰੋਡ 'ਤੇ ਪੁੱਜੀ। ਇੱਕ ਵਿਅਕਤੀ ਮੇਰੇ ਹੱਥ ਵਿੱਚ ਲਿਫਾਫਾ ਖੋਹ ਕੇ ਚਿੱਟੇ ਰੰਗ ਦੀ ਕਾਰ ਵਿੱਚ ਚੜ੍ਹ ਗਿਆ, ਜਦੋਂ ਉਸ ਨੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਧੱਕਾ ਦੇ ਦਿੱਤਾ। ਔਰਤ ਨੇ ਦੱਸਿਆ ਕਿ ਲਿਫਾਫੇ ਵਿੱਚ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ।
ਪੀੜਤ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਰ ਸਵਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਨਕਦੀ ਤੇ ਜ਼ਰੂਰੀ ਦਸਤਾਵੇਜ਼ ਸੌਂਪੇ ਜਾਣ। ਇਸ ਮੌਕੇ ਪੁਲਿਸ ਨੇ ਪੀੜਤ ਔਰਤ ਨੂੰ ਭਰੋਸਾ ਦਿਵਾਇਆ ਕਿ ਕਾਰ 'ਚ ਸਵਾਰ ਲੁਟੇਰੇ ਪੁਲਿਸ ਤੋਂ ਬਚ ਨਹੀਂ ਸਕੇ ਅਤੇ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਲੁੱਟ ਦੀ ਇਸ ਵਾਰਦਾਤ ਨੂੰ ਲੈ ਕੇ ਲੋਕਾਂ ਵਿੱਚ ਰੋਸ ਦਾ ਮਾਹੌਲ ਹੈ।