Punjab News: ਹੋਲਾ-ਮੁਹੱਲਾ ਜਾ ਰਹੇ ਨੌਜਵਾਨਾਂ ਨਾਲ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਸਮਰਾਲਾ ਨੇੜੇ ਪਿੰਡ ਰਾਜੇਵਾਲ ਕੁਲੇਵਾਲ ਨੇੜੇ ਇੱਕ ਬੁਲੇਟ ਮੋਟਰਸਾਈਕਲ ਅਤੇ ਇੱਕ ਛੋਟੇ ਹਾਥੀ ਟੈਂਪੂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ 'ਚ ਬੁਲੇਟ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਅਤੇ ਛੋਟੇ ਹਾਥੀ ਟੈਂਪੂ 'ਤੇ ਸਵਾਰ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਇਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਛੋਟੇ ਹਾਥੀ 'ਤੇ ਸਵਾਰ ਦੋ ਹੋਰ ਜ਼ਖਮੀ ਹੋ ਗਏ। ਚਾਰ ਜ਼ਖਮੀਆਂ ਨੂੰ ਸਮਰਾਲਾ ਲਿਆਂਦਾ ਗਿਆ ਅਤੇ ਇਕ ਜ਼ਖਮੀ ਨੂੰ ਸਮਰਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਗੰਭੀਰ ਰੂਪ ਨਾਲ ਜ਼ਖਮੀ ਇਕ ਨੌਜਵਾਨ ਨੂੰ ਸਮਰਾਲਾ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 6 ਵਜੇ ਬੁਲੇਟ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਖੰਨਾ ਤੋਂ ਸ੍ਰੀ ਅਨੰਦਪੁਰ ਸਾਹਿਬ ਹੋਲਾ-ਮੁਹੱਲਾ ਵੱਲ ਜਾ ਰਹੇ ਸਨ। ਜਦੋਂ ਬੁਲੇਟ ਮੋਟਰਸਾਈਕਲ ਸਮਰਾਲਾ ਨੇੜੇ ਪਿੰਡ ਰਾਜੇਵਾਲ ਕੁਲੇਵਾਲ ਨੇੜੇ ਪਹੁੰਚਿਆ ਤਾਂ ਪਿੰਡ ਚਸਵਾਲ ਨੇੜੇ ਸਮਰਾਲਾ ਤੋਂ ਭਾਦਸੋਂ ਜਾ ਰਹੇ ਇਕ ਛੋਟੇ ਹਾਥੀ ਟੈਂਪੂ ਦੀ ਬੁਲੇਟ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਜ਼ਖਮੀ ਮੋਟਰਸਾਈਕਲ ਸਵਾਰਾਂ ਦੀ ਪਛਾਣ ਜੀਵਨ ਸਿੰਘ (20) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਰੋੜੀ ਅਤੇ ਮੇਜਰ ਸਿੰਘ (28) ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਮਰੋੜੀ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਸੁੱਚਾ ਸਿੰਘ (70) ਵਾਸੀ ਪਿੰਡ ਚਸਵਾਲ ਅਤੇ ਹਰਦੇਵ ਸਿੰਘ (57) ਵਜੋਂ ਹੋਈ ਹੈ।

