ਪਟਿਆਲਾ: ਪੰਜਾਬ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਪਟਿਆਲਾ ਨਾਭਾ ਦੇ ਸਰਕਾਰੀ ਕਾਲਜ ਵਿੱਚ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲਜ ਦੇ ਅੰਦਰ ਹੀ 3 ਲੜਕਿਆਂ ਵੱਲੋਂ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਸ਼ਰਮਨਾਕ ਘਟਨਾ ਨੇ ਕਾਲਜ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਾਲਾਂਕਿ ਇਹ ਘਟਨਾ 27 ਮਾਰਚ ਦੀ ਦੱਸੀ ਜਾਂਦੀ ਹੈ ਅਤੇ ਪੀੜਤ ਲੜਕੀ ਨੇ ਇਸ ਘਟਨਾ ਦੀ ਸ਼ਿਕਾਇਤ 8 ਅਪ੍ਰੈਲ ਨੂੰ ਨਾਭਾ ਕੋਤਵਾਲੀ ਪੁਲਿਸ ਨੂੰ ਦਿੱਤੀ ਸੀ। ਪੁਲਸ ਨੇ 3 ਖਿਲਾਫ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਕੁੜੀ ਦੀ ਘਟਨਾ ਨੇ ਹੋਟਲ 'ਚ ਮਚਾਈ ਹਫੜਾ-ਦਫੜੀ
ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ 27 ਮਾਰਚ ਨੂੰ ਕਾਲਜ ਗਈ ਸੀ। ਇਸ ਦੌਰਾਨ ਕਰੀਬ 11.30 ਵਜੇ ਮੁਲਜ਼ਮ ਦਵਿੰਦਰ ਸਿੰਘ ਵਾਸੀ ਪਿੰਡ ਕਕਰਾਲਾ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਨੇ ਕੋਈ ਜ਼ਰੂਰੀ ਗੱਲ ਕਰਨੀ ਹੈ, ਕਾਲਜ ਵਿੱਚ ਪ੍ਰਿੰਸੀਪਲ ਦੇ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਆ ਜਾ। ਜਦੋਂ ਲੜਕੀ ਆਪਣਾ ਲੈਕਚਰ ਖਤਮ ਕਰਨ ਤੋਂ ਬਾਅਦ ਉਸ ਨਾਲ ਗੱਲ ਕਰਨ ਆਈ ਤਾਂ ਉੱਥੇ ਪਹਿਲਾਂ ਤੋਂ ਹੀ ਦੋ ਹੋਰ ਦੋਸ਼ੀ ਮੌਜੂਦ ਸਨ, ਜਿਨ੍ਹਾਂ ਨੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਸ ਮੌਕੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਨਾਭਾ ਦੇ ਸਰਕਾਰੀ ਕਾਲਜ ਵਿੱਚ ਬੀ.ਏ ਪਹਿਲੇ ਸਾਲ ਦੀ ਵਿਦਿਆਰਥਣ ਨਾਲ 3 ਲੜਕਿਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਕਿਉਂਕਿ ਪੀੜਤਾ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਕੁੜੀ ਕਿ ਤਿੰਨ ਨੌਜਵਾਨਾਂ ਨੇ ਕਾਲਜ ਦੇ ਅੰਦਰ ਮੇਰੇ ਨਾਲ ਸਮੂਹਿਕ ਬਲਾਤਕਾਰ ਕੀਤਾ। ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਸੀਂ ਆਈਪੀਸੀ ਦੀ ਧਾਰਾ 376 ਡੀ, 506 ਦੇ ਤਹਿਤ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਮੁੱਖ ਸਰਗਨਾ ਦਵਿੰਦਰ ਸਿੰਘ ਅਤੇ ਉਸ ਦੇ ਸਾਥੀ ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਿਮਾਂਡ ਤੋਂ ਬਾਅਦ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਸਮੂਹਿਕ ਬਲਾਤਕਾਰ ਦੀ ਘਟਨਾ ਪ੍ਰਿੰਸੀਪਲ ਦੇ ਦਫਤਰ ਦੇ ਉਪਰਲੇ ਕਮਰੇ ਵਿੱਚ ਵਾਪਰੀ। ਇਸ ਮੌਕੇ ਸਰਕਾਰੀ ਰਿਪਮੈਨ ਕਾਲਜ ਦੀ ਪ੍ਰਿੰਸੀਪਲ ਹਰਤੇਜ ਕੌਰ ਬੱਲ ਨੇ ਕਿਹਾ ਕਿ ਸਮੂਹਿਕ ਜਬਰ ਜਨਾਹ ਦੀ ਘਟਨਾ ਬਾਰੇ ਸਾਨੂੰ ਕੁਝ ਪਤਾ ਨਹੀਂ ਹੈ, ਜਦੋਂ ਕਿ ਸਾਡੇ ਕਾਲਜ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ।