ਨਵਾਂਸ਼ਹਿਰ ਦੇ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਦੇ ਕਤਲ ਦੀ ਇੱਕ ਬਹੁਤ ਹੀ ਖੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਰਵੀ ਸੋਬਤੀ ਬੀਤੀ ਰਾਤ ਤੋਂ ਲਾਪਤਾ ਸਨ, ਜਿਸ ਬਾਰੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਝ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਤੇ ਕਤਲ ਦਾ ਦੋਸ਼ ਹੈ।
ਗੱਡੀ ਦੀ ਪਿਛਲੀ ਸੀਟ ਤੋਂ ਮਿਲੀ ਕੱਟੀ ਹੋਈ ਲਾਸ਼
ਪੁਲਿਸ ਨੂੰ ਜਾਂਚ ਦੌਰਾਨ ਰਵੀ ਸੋਬਤੀ ਦੀ ਲਾਸ਼ ਬਲਾਚੌਰ ਇਲਾਕੇ ਵਿੱਚ ਇੱਕ ਗੱਡੀ ਦੀ ਪਿਛਲੀ ਸੀਟ ਤੋਂ ਬਰਾਮਦ ਹੋਈ। ਜਾਣਕਾਰੀ ਅਨੁਸਾਰ, ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਵਪਾਰੀ ਦਾ ਕਤਲ ਕੀਤਾ ਸੀ।
ਮੁਲਜ਼ਮਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਗੱਡੀ ਦੀ ਪਿਛਲੀ ਸੀਟ 'ਤੇ ਪਈ ਲਾਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ।
ਪੁਲਿਸ ਨੇ ਵਪਾਰੀ ਦੀ ਫੋਨ ਲੋਕੇਸ਼ਨ ਦੇ ਆਧਾਰ 'ਤੇ ਗੱਡੀ ਸਮੇਤ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ।
ਘਰੇਲੂ ਕਾਮੇ ਨੂੰ ਲੈਣ ਗਏ ਸਨ ਰਵੀ ਸੋਬਤੀ
ਮਿਲੀ ਜਾਣਕਾਰੀ ਮੁਤਾਬਕ, ਵਪਾਰੀ ਰਵੀ ਸੋਬਤੀ ਕੱਲ੍ਹ ਸ਼ਾਮ ਆਪਣੇ ਘਰ ਕੰਮ ਕਰਨ ਵਾਲੀ ਇੱਕ ਪ੍ਰਵਾਸੀ ਮਹਿਲਾ ਕਾਮੇ ਨੂੰ ਪਿੰਡ ਮਹਾਲੋ ਤੋਂ ਲੈਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਰਾਤ ਭਰ ਉਨ੍ਹਾਂ ਦੀ ਭਾਲ ਵਿੱਚ ਜੁਟੀ ਹੋਈ ਸੀ।
ਪੁਲਿਸ ਵੱਲੋਂ ਫੜੇ ਗਏ ਪ੍ਰਵਾਸੀ ਮੁਲਜ਼ਮਾਂ ਨੇ ਨਵਾਂਸ਼ਹਿਰ ਵਿੱਚ ਹੀ ਵਪਾਰੀ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਬਲਾਚੌਰ ਇਲਾਕੇ ਵਿੱਚ ਲੈ ਗਏ ਸਨ। ਪੁਲਿਸ ਹੁਣ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਪੂਰੀ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ।

