ਲੁਧਿਆਣਾ : ਨਗਰ ਨਿਗਮ ਨੇ ਮੰਗਲਵਾਰ ਨੂੰ ਬੁੱਢੇ ਨਾਲੇ ਦੇ ਕਿਨਾਰੇ ਚੱਲ ਰਹੀ ਰੁੱਖ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਡਰੇਨ ਦੇ ਕਿਨਾਰਿਆਂ ਤੋਂ ਝੁੱਗੀਆਂ ਦੇ ਰੂਪ ਵਿੱਚ ਕੀਤੇ ਕਬਜ਼ੇ ਹਟਾ ਦਿੱਤੇ। ਇਹ ਮੁਹਿੰਮ ਨਗਰ ਨਿਗਮ ਦੇ ਤਹਿਬਾਜ਼ਾਰੀ ਅਤੇ ਓ.ਐਂਡ.ਐਮ ਵਿੰਗ ਵੱਲੋਂ ਸਾਂਝੇ ਤੌਰ 'ਤੇ ਚਲਾਈ ਗਈ ਅਤੇ ਨਗਰ ਨਿਗਮ ਦੀਆਂ ਟੀਮਾਂ ਨੇ ਤਾਜਪੁਰ ਰੋਡ 'ਤੇ ਸਿਟੀ ਬੱਸ ਡਿਪੂ ਨੇੜੇ ਡਰੇਨ ਦੇ ਕੰਢੇ ਬਣੀਆਂ 3-4 ਝੁੱਗੀਆਂ ਨੂੰ ਹਟਾਇਆ।
ਐਸ.ਡੀ.ਓ ਅੰਮ੍ਰਿਤਪਾਲ ਸਿੰਘ ਅਤੇ ਤਹਿਬਾਜ਼ਾਰੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਮੁਹਿੰਮ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਦੇ ਨਿਰਦੇਸ਼ਾਂ 'ਤੇ ਚਲਾਈ ਗਈ ਹੈ ਕਿਉਂਕਿ ਇਸ ਥਾਂ 'ਤੇ ਬੂਟੇ ਲਗਾਏ ਜਾਣੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਬਜੇਦਾਰਾਂ ਨੂੰ ਖੁਦ ਕਬਜੇ ਹਟਾਉਣ ਲਈ ਕਿਹਾ ਗਿਆ ਸੀ ਪਰ ਉਹ ਅਜਿਹਾ ਕਰਨ 'ਚ ਅਸਫਲ ਰਹੇ, ਜਿਸ ਤੋਂ ਬਾਅਦ ਮੰਗਲਵਾਰ ਨੂੰ ਮੁਹਿੰਮ ਚਲਾਈ ਗਈ ਅਤੇ ਕਬਜੇ ਨੂੰ ਹਟਾਇਆ ਗਿਆ। ਹੁਣ ਇਸ ਜਗ੍ਹਾ 'ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ।