ਬਠਿੰਡਾ: ਲੋਕ ਸਭਾ ਚੋਣਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਦੱਸ ਦਈਏ ਕਿ ਪੰਜਾਬ 'ਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਪਾਰਟੀਆਂ ਨੇ ਅਜੇ ਕਈ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਬਠਿੰਡਾ ਸੀਟ ਤੋਂ ਆਪਣੀ ਪਤਨੀ ਲਈ ਦਾਅਵਾ ਪੇਸ਼ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾ ਵੜਿੰਗ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਲੰਬੇ ਸਮੇਂ ਤੋਂ ਬਠਿੰਡਾ ਦਾ ਕੰਮ ਸੰਭਾਲ ਰਹੇ ਹਨ। ਇਸ ਲਈ ਉਸ ਨੇ ਆਪਣੀ ਪਤਨੀ ਲਈ ਬਠਿੰਡਾ ਤੋਂ ਟਿਕਟ ਮੰਗੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ ਖਬਰ ਸਾਹਮਣੇ ਆਈ ਸੀ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਲੋਕ ਸਭਾ ਚੋਣ ਲੜਨ ਲਈ ਮਨਾ ਲਿਆ ਹੈ ਅਤੇ ਉਹ ਬਠਿੰਡਾ ਤੋਂ ਚੋਣ ਲੜ ਸਕਦੇ ਹਨ। ਕੱਲ੍ਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਚੋਣ ਲੜਨ ਦੇ ਸੰਕੇਤ ਦਿੱਤੇ ਸਨ। ਅਜਿਹੇ 'ਚ ਅਚਾਨਕ ਰਾਜਾ ਵੜਿੰਗ ਨੇ ਬਠਿੰਡਾ ਸੀਟ ਤੋਂ ਆਪਣੀ ਪਤਨੀ ਲਈ ਦਾਅਵਾ ਪੇਸ਼ ਕਰ ਦਿੱਤਾ ਹੈ।
ਜੇਕਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਦੀ ਹੈ ਤਾਂ ਬਲਕੌਰ ਸਿੰਘ ਸਿੱਧੂ ਦੀ ਟਿਕਟ ਕੱਟੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਉਹ ਪੂਰੇ ਸੂਬੇ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਨਵੀਂ ਰਣਨੀਤੀ ਬਣਾ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਬਠਿੰਡਾ ਦੀ ਕਾਂਗਰਸ ਸੀਟ ਤੋਂ ਲੋਕ ਸਭਾ ਚੋਣ ਲੜੇ।

