ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਾਹਜਹਾਂ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ ਦੇ ਅੰਦਰੋਂ ਕਸਟਮ ਵਿਭਾਗ ਦੀ ਟੀਮ ਨੇ ਲੱਖਾਂ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਤਸਕਰਾਂ ਨੇ ਬੜੀ ਹੁਸ਼ਿਆਰੀ ਨਾਲ ਫਲਾਈਟ ਦੇ ਵਾਸ਼ਰੂਮ ਦੇ ਅੰਦਰ ਸੋਨਾ ਟੰਗ ਦਿੱਤਾ ਸੀ ਅਤੇ ਇਸ ਦੇ ਨਾਲ ਇਕ ਇਲੈਕਟ੍ਰਾਨਿਕ ਯੰਤਰ ਵੀ ਲਗਾਇਆ ਹੋਇਆ ਸੀ ਪਰ ਕਸਟਮ ਵਿਭਾਗ ਦੀ ਕਰੜੀ ਨਜ਼ਰ ਤੋਂ ਤਸਕਰ ਬਚ ਨਹੀਂ ਸਕੇ।ਇਸ ਤੋਂ ਪਹਿਲਾਂ ਵੀ ਅਰਬ ਦੇਸ਼ਾਂ ਤੋਂ ਆਉਣ ਵਾਲੀ ਫਲਾਈਟ ਦੇ ਅੰਦਰੋਂ 2 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ, ਜਿਸ ਕਾਰਨ ਇਕ ਵਾਰ ਫਿਰ ਏਅਰਪੋਰਟ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਹਨ। ਆਖਿਰ ਇਹ ਲਾਵਾਰਿਸ ਸੋਨਾ ਕੌਣ ਭੇਜ ਰਿਹਾ ਹੈ ਅਤੇ ਕਿਸ ਨੇ ਇਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਬਾਹਰ ਲਿਜਾਣਾ ਸੀ। ਸੁਰੱਖਿਆ ਏਜੰਸੀਆਂ ਲਈ ਇਹ ਵੱਡਾ ਸਵਾਲ ਬਣ ਗਿਆ ਹੈ।

