ਗੁਰਦਾਸਪੁਰ - ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਜ ਸਵੇਰੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ 'ਹਮ ਭਾਰਤ ਮੇਂ ਮਿਲਾ ਦੋ' ਦੇ ਪੋਸਟਰ ਲਗਪਗ ਸਾਰੇ ਇਲਾਕਿਆਂ 'ਚ ਕੰਧਾਂ 'ਤੇ ਟੰਗੇ ਦਿਖਾਈ ਦਿੱਤੇ। ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਬਿਜਲੀ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਜ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਭਿਆਨਕ ਝੜਪ ਹੋ ਗਈ। ਹਿੰਸਕ ਝੜਪ ਵਿੱਚ ਇੱਕ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਇੱਕ ਪੁਲਿਸ ਕਰਮਚਾਰੀ ਨੂੰ ਵੀ ਗੁੱਸੇ ਵਿੱਚ ਆਈ ਭੀੜ ਨੇ ਕੁੱਟਿਆ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿੱਚ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਇਸ ਨਾਲ ਲੋਕ ਰੋਹ ਵਿੱਚ ਆ ਗਏ ਅਤੇ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ।
ਜਿਸ ਕਾਰਨ ਲੋਕਾਂ ਨੇ ਕਈ ਥਾਵਾਂ 'ਤੇ ਜਾਮ ਲਗਾ ਦਿੱਤਾ ਅਤੇ ਸੜਕਾਂ 'ਤੇ ਟਾਇਰ ਸੁੱਟ ਕੇ ਅੱਗ ਲਗਾ ਕੇ ਆਵਾਜਾਈ ਵੀ ਪ੍ਰਭਾਵਿਤ ਕੀਤੀ | ਕੁਝ ਸਰਕਾਰੀ ਏਜੰਸੀਆਂ ਦੇ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਰੋਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰੇ ਵਿਦਿਅਕ ਅਦਾਰੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ।


