ਫਾਜ਼ਿਲਕਾ ਜ਼ਿਲ੍ਹੇ ਦੇ ਢਿੱਪਾਂਵਾਲੀ ਪਿੰਡ ਨਾਲ ਸੰਬੰਧਿਤ ਮਹਿਤ ਸੰਧੂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕਮਾਲ ਕਰ ਦਿਖਾਇਆ ਹੈ। ਟੋਕੀਓ ਵਿੱਚ ਆਯੋਜਿਤ ਸਮਰ ਡੈਫਲਿੰਪਿਕਸ ਦੌਰਾਨ, ਮਹਿਤ ਨੇ 50 ਮੀਟਰ ਰਾਈਫਲ ਥ੍ਰੀ-ਪੋਜ਼ੀਸ਼ਨ ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕੀਤਾ। ਉਸਨੇ ਫਾਈਨਲ ਵਿੱਚ 456 ਅੰਕ ਪ੍ਰਾਪਤ ਕਰਕੇ ਦੱਖਣੀ ਕੋਰੀਆ ਦੀ ਡੈਨ ਜਿਊਂਗ ਅਤੇ ਹੰਗਰੀ ਦੀ ਮੀਰਾ ਸੁਜ਼ਨ ਨੂੰ ਪਿੱਛੇ ਛੱਡਿਆ।
ਮਹਿਤ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 585 ਅੰਕ ਹਾਸਲ ਕਰਕੇ ਨਾ ਸਿਰਫ਼ ਡੈਫਲਿੰਪਿਕਸ ਦਾ, ਬਲਕਿ ਵਿਸ਼ਵ ਪੱਧਰ ਦਾ ਵੀ ਰਿਕਾਰਡ ਤੋੜਿਆ। ਇਹ ਰਿਕਾਰਡ ਉਸਦੇ ਆਪਣੇ ਪੁਰਾਣੇ 576 ਅੰਕਾਂ ਦੇ ਰਿਕਾਰਡ ਤੋਂ ਵੀ ਉੱਚਾ ਸੀ, ਜੋ ਉਸਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ।
ਪਵਿਤ ਸਿੰਘ ਸੰਧੂ ਦੀ ਧੀ ਮਹਿਤ ਦਾ ਇਹ ਸੋਨ ਤਗਮਾ ਉਸਦੇ ਖੇਡ ਜੀਵਨ ਦਾ ਚੌਥਾ ਤਗਮਾ ਹੈ, ਜੋ ਉਸਦੀ ਲਗਨ, ਮਿਹਨਤ ਅਤੇ ਦ੍ਰਿੜਤਾ ਦੀ ਮਿਸਾਲ ਹੈ। ਮਾਹਿਤ ਦੇ ਪਰਿਵਾਰ ਵਿੱਚ ਬੇਮਿਸਾਲ ਖੁਸ਼ੀ ਦਾ ਮਾਹੌਲ ਹੈ। ਉਹ ਮੰਨਦੇ ਹਨ ਕਿ ਧੀ ਨੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਬਲਕਿ ਪੂਰੇ ਪੰਜਾਬ ਨੂੰ ਮਾਣਵਾਨ ਕੀਤਾ ਹੈ।

