ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਫਤਿਹਗੜ੍ਹ ਸਾਹਿਬ ਜਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਮੰਗ ਕੀਤੀ ਹੈ ਕਿ ਪੰਜਾਬੀ ਫਿਲਮ “ਪਿੱਟ ਸਿਆਪਾ” ਦੀ ਹੀਰੋਇਨ ਸੋਨਮ ਬਾਜਵਾ, ਫਿਲਮ ਡਾਇਰੈਕਟਰ, ਉਨ੍ਹਾਂ ਦੀ ਪੂਰੀ ਟੀਮ ਅਤੇ ਇਜਾਜ਼ਤ ਜਾਰੀ ਕਰਨ ਵਾਲੇ ਪਰਵੋਤਰ ਵਿਭਾਗ ਦੇ ਅਧਿਕਾਰੀਆਂ ‘ਤੇ ਤੁਰੰਤ ਮੁਕਦਮਾ ਦਰਜ ਕੀਤਾ ਜਾਵੇ। ਇਮਾਮ ਦੇ ਅਨੁਸਾਰ, ਇਨ੍ਹਾਂ ਲੋਕਾਂ ਨੇ ਇੱਕ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੀ ਮਸਜਿਦ ਦੇ ਅੰਦਰ ਸ਼ੂਟਿੰਗ ਕਰਕੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਢੰਗ ਨਾਲ ਠੇਸ ਪਹੁੰਚਾਈ ਹੈ।
ਉਨ੍ਹਾਂ ਦੱਸਿਆ ਕਿ ਸਰਹਿੰਦ ਸਥਿਤ ਭਗਤ ਸਦਨਾ ਕਸਾਈ ਮਸਜਿਦ, ਜੋ ਭਗਤ ਸਦਨਾ ਜੀ ਦੀ ਯਾਦ ਵਿੱਚ ਬਣਾਈ ਗਈ ਹੈ, ਸਿੱਖ ਅਤੇ ਮੁਸਲਿਮ ਦੋਵਾਂ ਸਮਾਜਾਂ ਵਿੱਚ ਬਰਾਬਰ ਸਤਿਕਾਰ ਜੋਗ ਹੈ। ਕਿਉਂਕਿ ਭਗਤ ਸਦਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਕਰਕੇ ਮੰਦਰ, ਗੁਰਦੁਆਰਾ ਜਾਂ ਮਸਜਿਦ—ਕਿਸੇ ਵੀ ਪਵਿੱਤਰ ਸਥਾਨ ਵਿੱਚ ਇਸ ਤਰ੍ਹਾਂ ਦੀ ਸ਼ੂਟਿੰਗ ਕਰਨਾ ਬੇਅਦਬੀ ਦੇ ਬਰਾਬਰ ਹੈ।
ਸ਼ਾਹੀ ਇਮਾਮ ਨੇ ਕਿਹਾ ਕਿ ਮਸਜਿਦਾਂ ਵਿੱਚ ਸ਼ੂਟਿੰਗ ਦੀ ਇਜਾਜ਼ਤ ਆਮ ਤੌਰ ‘ਤੇ ਕਦੇ ਨਹੀਂ ਮਿਲਦੀ, ਇਸ ਲਈ ਇਹ ਘਟਨਾ ਹੋਰ ਵੀ ਚਿੰਤਾ ਜਨਕ ਹੈ। ਉਹਨਾਂ ਨੇ ਪੁਲਿਸ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਭਵਿੱਖ ਵਿੱਚ ਕੋਈ ਵੀ ਫਿਲਮ ਟੀਮ ਧਰਮਕ ਸਥਾਨਾਂ ਦੀ ਪਵਿੱਤਰਤਾ ਨਾਲ ਖਿਲਵਾੜ ਨਾ ਕਰੇ।
ਇਮਾਮ ਨੇ ਮੌਜੂਦਾ ਫਿਲਮ ਉਦਯੋਗ ‘ਤੇ ਵੀ ਨਿਸ਼ਾਨਾ ਸਾਧਿਆ ਕਿ ਪਹਿਲਾਂ ਫਿਲਮਾਂ ਸਮਾਜਿਕ ਸੁਧਾਰ ਅਤੇ ਸਨੇਹੇ ਦੇ ਪ੍ਰਸਾਰ ਦਾ ਜ਼ਰੀਆ ਹੁੰਦੀਆਂ ਸਨ, ਪਰ ਹੁਣ ਬਹੁਤ ਸਾਰੇ ਫਿਲਮ ਨਿਰਮਾਤਾ ਕੇਵਲ ਆਰਥਿਕ ਲਾਭ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸੋਨਮ ਬਾਜਵਾ ਅਤੇ ਫਿਲਮ ਨਿਰਮਾਤਾ ਸਮਾਜਿਕ ਤੇ ਧਾਰਮਿਕ ਸੰਵੇਦਨਸ਼ੀਲਤਾ ਨੂੰ ਸਮਝਦੇ, ਤਾਂ ਉਹ ਕਦੇ ਵੀ ਮਸਜਿਦ ਦੇ ਅੰਦਰ ਕੈਮਰਾ ਲਗਾਉਣ ਬਾਰੇ ਸੋਚਦੇ ਵੀ ਨਹੀਂ।

