ਲੁਧਿਆਣਾ (ਸੰਦੀਪ ਚੱਡਾ) : ਲੁਧਿਆਣਾ ਵਿੱਚ ਇੱਕ ਬੇਕਾਬੂ ਕਾਰ ਨੇ 2 ਸਕੂਲੀ ਬੱਚਿਆਂ ਸਮੇਤ 4 ਲੋਕਾਂ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਜਵੰਧਾ ਰੋਡ 'ਤੇ ਇਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ 4 ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਕਾਰ ਚਾਲਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਕ ਬੇਕਾਬੂ ਕਾਰ, ਜਿਸ ਨੂੰ ਇਕ ਲੜਕੀ ਵੱਲੋਂ ਚਲਾ ਰਹੀ ਸੀ, ਨੇ ਪੈਦਲ ਜਾ ਰਹੇ ਸਕੂਲੀ ਬੱਚਿਆਂ ਸਮੇਤ 4 ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿਚ ਦੋਵੇਂ ਸਕੂਲੀ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਦੌਰਾਨ ਬੇਕਾਬੂ ਹੋਈ ਕਾਰ ਨੇ ਸੜਕ ਕਿਨਾਰੇ ਖੜ੍ਹੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ।

