ਗੁਰਦਾਸਪੁਰ (ਸੰਦੀਪ ਚੱਢਾ) : ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਲੋਕਾਂ ਵਲੋਂ ਬਣਾਏ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮੰਦਰ 'ਚ ਭੰਨਤੋੜ ਕਰਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਗੱਲਬਾਤ ਕਰਦਿਆਂ ਰਾਜ ਰਾਣੀ ਅਤੇ ਮੋਹਨ ਲਾਲ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਹੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਬਣਾਇਆ ਜਾ ਰਿਹਾ ਹੈ। ਜਿੱਥੇ ਇੱਕ ਛੋਟੇ ਕਮਰੇ ਵਿੱਚ ਮਹਾਰਾਜ ਦੀ ਤਸਵੀਰ, ਕੁਝ ਧਾਰਮਿਕ ਪੋਸਟਰ ਅਤੇ ਹੋਰ ਸਮਾਨ ਰੱਖਿਆ ਗਿਆ ਹੈ। ਬੀਤੀ ਰਾਤ ਵੀ ਕੁਝ ਨੌਜਵਾਨ ਮੰਦਰ 'ਚ ਕੰਮ ਕਰਨ ਗਏ ਸਨ ਪਰ ਸਵੇਰੇ ਦੀਵਾ ਜਗਾਉਣ ਲਈ ਆਏ ਤਾਂ ਦੇਖਿਆ ਕਿ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖੀ ਮਹਾਰਾਜ ਦੀ ਤਸਵੀਰ ਦੀ ਬੇਅਦਬੀ ਕੀਤੀ ਹੋਈ ਸੀ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।