ਪੰਜਾਬ (ਸੰਦੀਪ ਚੱਢਾ) : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਨੂੰ ਪੰਜਾਬ ਸਰਕਾਰ ਨੇ ਕਰਾਰਾ ਜਵਾਬ ਦਿੱਤਾ ਹੈ। ਦੱਸ ਦੇਈਏ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਯੂ-ਟਰਨ ਲੈਣ ਵਾਲੇ ਸ਼ੀਤਲ ਅਗੁਰਾਲ ਨੂੰ ਝਟਕਾ ਦਿੰਦੇ ਹੋਏ ਸਰਕਾਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਵਿਧਾਨ ਸਭਾ ਦੇ ਸਪੀਕਰ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਇੱਕ ਮਹੀਨਾ ਪਹਿਲਾਂ ਪ੍ਰਵਾਨ ਕਰ ਲਿਆ ਗਿਆ ਸੀ। ਇਸ ਕਾਰਨ ਸ਼ੀਤਲ ਅੰਗੁਰਾਲ ਹੁਣ ਵਿਧਾਇਕ ਨਹੀਂ ਹਨ। ਇਸ ਦੇ ਨਾਲ ਹੀ ਭਾਜਪਾ ਤੋਂ ਦੂਰੀ ਬਣਾ ਚੁਕੇ ਸ਼ੀਤਲ ਅਗੁਰਾਲ ਵੀ ਹੁਣ ਬੁਰੀ ਤਰ੍ਹਾਂ ਫਸ ਗਏ ਹਨ ਕਿਉਂਕਿ ਹੁਣ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਜਲੰਧਰ ਪੱਛਮੀ ਦੀ ਸੀਟ ਖਾਲੀ ਹੋਣ ਤੋਂ ਬਾਅਦ ਜ਼ਿਮਨੀ ਚੋਣ ਸਬੰਧੀ ਜਲਦ ਹੀ ਐਲਾਨ ਹੋ ਸਕਦਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਸੀ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਨੇ ਉਨ੍ਹਾਂ ਇਸ ਸਬੰਧੀ ਸਪੀਕਰ ਨੂੰ ਈ-ਮੇਲ ਰਾਹੀਂ ਸੂਚਿਤ ਕੀਤਾ ਸੀ।