ਜਲੰਧਰ (ਸੰਦੀਪ ਚੱਢਾ) : ਜਲੰਧਰ 'ਚ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਬੇਸ਼ੱਕ ਅਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਸ ਵਾਰ ਅਕਾਲੀ ਦਲ ਜਲੰਧਰ ਪੱਛਮੀ ਦੀ ਉਪ ਚੋਣ ਨਹੀਂ ਲੜੇਗਾ। ਫਿਲਹਾਲ ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਬਾਗੀ ਆਗੂਆਂ ਖਿਲਾਫ ਵੀ ਕਾਰਵਾਈ ਕਰ ਸਕਦਾ ਹੈ। ਵਰਨਣਯੋਗ ਹੈ ਕਿ ਅਕਾਲੀ ਦਲ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਹੈ।
ਇਸ ਦੌਰਾਨ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਵੱਲੋਂ ਚੋਣ ਮੈਦਾਨ ਤੋਂ ਹਟਣ ਦੀ ਚੱਲ ਰਹੀ ਚਰਚਾ ਦਾ ਖੰਡਨ ਕੀਤਾ ਹੈ। ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਕੋਲ ਚੋਣ ਮੈਦਾਨ ਤੋਂ ਪਿੱਛੇ ਹਟਣ ਦਾ ਕੋਈ ਕਾਰਨ ਨਹੀਂ ਹੈ। ਅੱਜ ਸ਼ਾਮ ਸਥਾਨਕ ਪੱਧਰ 'ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਮੀਟਿੰਗ ਤੈਅ ਕੀਤੀ ਗਈ ਹੈ, ਜਿਸ 'ਚ ਜ਼ਿਮਨੀ ਚੋਣ ਲਈ ਉਮੀਦਵਾਰ ਦੇ ਐਲਾਨ 'ਤੇ ਚਰਚਾ ਕੀਤੀ ਜਾਵੇਗੀ | ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗੁਰੂ ਪ੍ਰਤਾਪ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਕੇਪੀ ਨਾਲ ਗੱਲਬਾਤ ਹੋਈ ਹੈ ਅਤੇ ਅੱਜ ਸ਼ਾਮ ਹੋਣ ਵਾਲੀ ਮੀਟਿੰਗ ਤੋਂ ਬਾਅਦ ਪਾਰਟੀ ਨੂੰ ਸਾਰੀ ਗੱਲ ਦੱਸ ਦਿੱਤੀ ਜਾਵੇਗੀ। ਡਾ: ਦਲਜੀਤ ਚੀਮਾ ਨੇ ਕਿਹਾ ਕਿ ਸਥਾਨਕ ਲੀਡਰਸ਼ਿਪ ਹੀ ਚੰਗੀ ਸੇਧ ਦੇ ਸਕਦੀ ਹੈ। ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਜ਼ਿਮਨੀ ਚੋਣਾਂ ਜ਼ੋਰਦਾਰ ਢੰਗ ਨਾਲ ਲੜਾਂਗੇ। ਇਕ-ਇਕ ਕਰਕੇ ਚੋਣਾਂ ਕਰਵਾਉਣ ਦੀ ਬਜਾਏ ਜੇਕਰ ਪਾਰਟੀਆਂ 5 ਉਪ-ਚੋਣਾਂ ਇਕੱਠੀਆਂ ਕਰਾਉਂਦੀਆਂ ਤਾਂ ਉਨ੍ਹਾਂ ਲਈ ਸੌਖਾ ਹੋ ਜਾਣਾ ਸੀ।

