File Photo
ਲੁਧਿਆਣਾ 11 ਜੂਨ (ਸੰਦੀਪ ਚੱਢਾ) : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ ਨੇ ਵਿਧਾਨ ਸਭਾ ਪੂਰਬੀ ਦੀਆਂ ਮਾੜੀਆਂ ਸੜਕਾਂ ਅਤੇ ਸੀਵਰੇਜ ਸਿਸਟਮ ਦਾ ਨੋਟਿਸ ਲੈਂਦਿਆਂ ਸਾਲ 2017 ਤੋਂ 2022 ਦੌਰਾਨ ਹੋਏ ਵਿਕਾਸ ਕਾਰਜਾਂ ਵਿੱਚ ਹੋਏ ਘਪਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੜਕਾਂ, ਪਾਰਕਾਂ ਅਤੇ ਸੀਵਰੇਜ ਸਿਸਟਮ ਦੀ ਮਾੜੀ ਹਾਲਤ ਲਈ ਮੌਜੂਦਾ ਨਗਰ ਨਿਗਮ ਕਮਿਸ਼ਨਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਪੂਰਬੀ ਵਿੱਚ ਬੇਤਰਤੀਬ ਵਿਕਾਸ ਦੇ ਨਾਂ ’ਤੇ ਦੋਵੇਂ ਹੱਥਾਂ ਨਾਲ ਕਰੋੜਾਂ ਰੁਪਏ ਪਾਣੀ ਵਿੱਚ ਰੋਡ ਦਿੱਤੇ ਗਏ। ਸਾਬਕਾ ਕਾਂਗਰਸੀ ਵਿਧਾਇਕ ਨੇ ਇਲਾਕੇ ਦੀ ਸਮਰੱਥਾ ਅਤੇ ਅਗਲੇ 20-30 ਸਾਲਾਂ ਵਿੱਚ ਵਧਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਸੀਵਰੇਜ ਦੇ ਪ੍ਰਬੰਧ ਕਰਨ ਦੀ ਬਜਾਏ ਆਪਣੀਆਂ ਅਤੇ ਆਪਣੇ ਚਹੇਤਿਆਂ ਦੀਆਂ ਜੇਬਾਂ ਭਰਨ ਲਈ ਸੀਵਰੇਜ ਦੀਆਂ ਲਾਈਨਾਂ ਵਿਛਾ ਦਿੱਤੀਆਂ। ਨਤੀਜੇ ਵਜੋਂ, ਮੀਂਹ ਤੋਂ ਬਿਨਾਂ ਵੀ, ਪੂਰਬੀ ਵਿਧਾਨ ਸਭਾ ਦੇ ਜ਼ਿਆਦਾਤਰ ਖੇਤਰ ਪਾਣੀ ਵਿੱਚ ਡੁੱਬੇ ਰਹਿੰਦੇ ਹਨ। ਸੜਕਾਂ ਦੀ ਮਾੜੀ ਹਾਲਤ ਵੱਲ ਧਿਆਨ ਦਿਵਾਉਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਸੀਵਰੇਜ ਸਿਸਟਮ ਦੇ ਮਾੜੇ ਪ੍ਰਬੰਧ ਅਤੇ ਸੜਕ ਦੇ ਨਿਰਮਾਣ ਵਿੱਚ ਘਟੀਆ ਕੁਆਲਿਟੀ ਦੇ ਮਟੀਰੀਅਲ ਦੀ ਵਰਤੋਂ ਕਾਰਨ ਸੜਕਾਂ ਬਿਨਾਂ ਉਮਰ ਗੁਜ਼ਾਰੇ ਹੀ ਖਸਤਾਹਾਲ ਹੋ ਗਈਆਂ ਹਨ। ਜੇਕਰ ਇਸ ਪੂਰੇ ਘਟਨਾਕ੍ਰਮ ਦੀ ਸੀ.ਬੀ.ਆਈ ਜਾਂ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆ ਜਾਵੇਗਾ। ਕਾਂਗਰਸ ਤੋਂ ਬਾਅਦ 2022 ਵਿੱਚ ਸੱਤਾ ਵਿੱਚ ਆਉਣ ਵਾਲੀਆਂ ਸਿਆਸੀ ਪਾਰਟੀ ਦੀ ਗੱਲ ਕਰੀਏ ਤਾਂ ਮੌਜੂਦਾ ਹਾਕਮਾਂ ਨੇ ਵੀ ਪਿਛਲੇ ਢਾਈ ਸਾਲਾਂ ਵਿੱਚ ਕੋਈ ਖਾਸ ਕਾਰਗੁਜ਼ਾਰੀ ਨਹੀਂ ਦਿਖਾਈ। ਇਸ ਸਮੇਂ ਦੌਰਾਨ ਵਿਕਾਸ ਦਾ ਨਾਂ ਤੇ ਡੱਕਾ ਤੋੜ ਕੇ ਦੋਹਰਾ ਵੀ ਨਹੀਂ ਕੀਤਾ ਗਿਆ। ਪਾਰਕਾਂ, ਸੜਕਾਂ ਅਤੇ ਸੀਵਰੇਜ ਸਿਸਟਮ ਦੀ ਮਾੜੀ ਹਾਲਤ ਅਤੇ ਪਾਰਕਾਂ ਦੀ ਅਣਦੇਖੀ ਕਾਰਨ ਇਸ ਇਲਾਕੇ ਦੇ ਲੋਕਾਂ ਨੇ ਸੱਤਾਧਾਰੀ ਧਿਰ ਵਿਰੁੱਧ ਵੋਟ ਪਾਉਣ ਦੀ ਬਜਾਏ ਭਾਜਪਾ ਦੇ ਹੱਕ ਵਿੱਚ ਖੁੱਲ੍ਹ ਕੇ ਵੋਟਾਂ ਪਾਈਆਂ ਹਨ। ਦੂਜੇ ਪਾਸੇ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਦੇ ਕੌਂਸਲਰਾਂ ਦੀ ਚੋਣ ਨਾ ਹੋਣ ਕਾਰਨ ਸ਼ਹਿਰ ਦੇ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਦੀ ਹੈ ਪਰ ਲੱਖਾਂ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਅਣਜਾਣ ਨਗਰ ਨਿਗਮ ਕਮਿਸ਼ਨਰ ਵੀ ਅੰਖਾ ਬੰਦ ਕਰ ਸੌਂ ਰਹੇ ਹਨ।