ਬਠਿੰਡਾ (ਸੰਦੀਪ ਚੱਢਾ) : ਲੋਕ ਸਭਾ ਚੋਣ ਨਤੀਜਿਆਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਮਿਹਨਤੀ ਅਤੇ ਸੰਘਰਸ਼ੀਲ ਵਰਕਰਾਂ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਕੜਾਕੇ ਦੀ ਗਰਮੀ ਅਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਸੂਬੇ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਲਈ ਦਿਨ-ਰਾਤ ਕੰਮ ਕੀਤਾ। ਉਹ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਇਸ ਫਤਵੇ ਨੂੰ ਸਵੀਕਾਰ ਕਰਦੇ ਹਨ ਅਤੇ ਸਤਿਕਾਰ ਦਿੰਦੇ ਹਨ।
ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ ਕਾਫੀ ਕਮਜ਼ੋਰ ਰਹੀ ਹੈ। ਖ਼ਬਰ ਹੈ ਕਿ ਪੰਥ ਦੇ ਰਾਖੇ ਕਹੇ ਜਾਣ ਵਾਲੇ ਅਕਾਲੀ ਦਲ ਨੂੰ ਪੰਥਕ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਥਕ ਸੀਟ ਖਡੂਰ ਸਾਹਿਬ 'ਤੇ ਅਕਾਲੀ ਦਲ ਚੌਥੇ ਅਤੇ ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਚੌਥੇ ਨੰਬਰ 'ਤੇ ਹੈ। ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਜਪਾ ਅਕਾਲੀ ਦਲ ਨੂੰ ਪਛਾੜ ਸਕੀ ਹੈ, ਜਦੋਂਕਿ ਪੰਜਾਬ ਦੀਆਂ ਬਾਕੀ 12 ਸੀਟਾਂ ’ਤੇ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਸ਼ਰਮਨਾਕ ਰਿਹਾ ਹੈ।