ਚੰਡੀਗੜ੍ਹ: ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਚੁਣੀ ਗਈ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਚੰਡੀਗੜ੍ਹ ਏਅਰਪੋਰਟ 'ਤੇ ਇੱਕ ਮਹਿਲਾ CISF ਜਵਾਨ ਨੇ ਕੰਗਨਾ ਨੂੰ ਥੱਪੜ ਮਾਰ ਦਿੱਤਾ। ਜਾਣਕਾਰੀ ਅਨੁਸਾਰ ਸੀਆਈਐਸਐਫ ਕੁਲਵਿੰਦਰ ਕੌਰ ਖ਼ਿਲਾਫ਼ ਐਫਆਈਆਰ ਦਰਜ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਹਿਲਾ ਤੋਂ ਸੀਆਈਐਸਐਫ ਦੇ ਸੀਨੀਅਰਾਂ ਨੇ ਵੀ ਪੁੱਛਗਿੱਛ ਕੀਤੀ ਹੈ। ਫਿਲਹਾਲ ਔਰਤ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਦੱਸ ਦਈਏ ਕਿ ਜਦੋਂ ਕੰਗਨਾ ਦਿੱਲੀ ਦੀ ਫਲਾਈਟ ਲੈਣ ਲਈ ਚੰਡੀਗੜ੍ਹ ਏਅਰਪੋਰਟ 'ਤੇ ਸੀ ਤਾਂ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਨਾਲ ਉਸ ਦੀ ਬਹਿਸ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ CISF ਕਰਮਚਾਰੀ, ਜਿਸ ਦਾ ਨਾਂ ਕੁਲਵਿੰਦਰ ਕੌਰ ਹੈ, ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਕਿਸਾਨ ਅੰਦੋਲਨ 'ਤੇ ਕੰਗਨਾ ਦੇ ਪਿਛਲੇ ਬਿਆਨ ਤੋਂ ਕਾਫੀ ਨਾਖੁਸ਼ ਸੀ। ਸਾਹਮਣੇ ਆਈ ਵੀਡੀਓ ਵਿੱਚ ਸੀ.ਆਈ.ਐਸ.ਐਫ. ਮਹਿਲਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਕੰਗਨਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ 'ਚ ਔਰਤਾਂ 100 ਰੁਪਏ ਲੈ ਕੇ ਬੈਠਦੀਆਂ ਸਨ। ਇਸ ਵਿੱਚ ਮਹਿਲਾ ਕਰਮਚਾਰੀ ਦੀ ਮਾਂ ਵੀ ਸ਼ਾਮਲ ਸੀ।

