ਪੰਜਾਬ ਡੈਸਕ : ਫਾਜ਼ਿਲਕਾ ਦੇ ਅਬੋਹਰ ਤੋਂ ਇਕ ਵਿਅਕਤੀ ਵਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਲਾਸ਼ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ। ਮ੍ਰਿਤਕ ਦੀ ਪਛਾਣ ਪਵਨ ਪੁੱਤਰ ਮਨਫੂਲ ਉਮਰ 45 ਸਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਅਬੋਹਰ ਦੇ ਪਿੰਡ ਹਰੀਪੁਰਾ ਦਾ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ। ਮ੍ਰਿਤਕ ਪਿਛਲੇ 15 ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਹ ਦਵਾਈ ਵੀ ਲੈ ਰਿਹਾ ਸੀ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਬੀਤੀ ਸਵੇਰੇ ਉਸ ਨੇ ਖੁਦ ਖੇਤ ਜਾਣ ਦੀ ਬਜਾਏ ਆਪਣੇ ਲੜਕੇ ਨੂੰ ਭੇਜ ਕੇ ਕਿਹਾ ਕਿ ਉਹ ਥੋੜ੍ਹੀ ਦੇਰ ਲਈ ਆ ਜਾਵੇਗਾ। ਸ਼ਾਮ ਤੱਕ ਜਦੋਂ ਉਹ ਖੇਤ ਨਾ ਪੁੱਜਿਆ ਤਾਂ ਉਸ ਦੀ ਭਾਲ ਕੀਤੀ ਗਈ ਪਰ ਉਹ ਕਿਤੇ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਗਰਮੀ ਕਾਰਨ ਉਸ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ, ਕਿਉਂਕਿ ਉਹ ਗਰਮੀ 'ਚ ਅਕਸਰ ਹਾਈਪਰ ਹੋ ਜਾਂਦਾ ਸੀ। ਦੱਸ ਦੇਈਏ ਕਿ ਲਾਸ਼ ਬਾਰੇ ਸੋਸ਼ਲ ਮੀਡੀਆ 'ਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਕਮੇਟੀ ਮੈਂਬਰ ਗਰੋਵਰ ਅਤੇ ਚਿਮਨ ਨੇ ਮੌਕੇ 'ਤੇ ਪਹੁੰਚ ਕੇ ਪੁਲਸ ਦੀ ਮਦਦ ਨਾਲ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ।

