ਲੁਧਿਆਣਾ : ਮਹਾਨਗਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੌਲਾਂ ਦੀ ਬੋਰੀ 'ਚੋਂ 3 ਮਹੀਨੇ ਦੇ ਬੱਚੇ ਦੀ ਲਾਸ਼ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦੀ ਦਹਿਲੀਜ਼ 'ਤੇ ਰੱਖੀ ਚੌਲਾਂ ਦੀ ਬੋਰੀ 'ਚੋਂ 3 ਮਹੀਨੇ ਦੇ ਬੱਚੇ ਦੀ ਲਾਸ਼ ਮਿਲੀ ਹੈ। ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ, ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਹੋਰ ਜਾਣਕਾਰੀ ਅਨੁਸਾਰ ਤਾਜਪੁਰ ਰੋਡ 'ਤੇ ਸਥਿਤ ਸ਼ਨੀ ਮੰਦਰ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਚਾਵਲਾਂ ਦੀ ਬੋਰੀ 'ਚ ਸਲੇਟੀ ਰੰਗ ਦੀਆਂ ਕਮੀਜ਼ਾਂ 'ਚ ਲਪੇਟ ਕੇ ਬੱਚਿਆਂ ਨੂੰ ਰੱਖਿਆ ਹੋਇਆ ਸੀ | ਇਸ ਦੌਰਾਨ ਸਫਾਈ ਕਰਮਚਾਰੀ ਨੇ ਦੇਖਿਆ ਕਿ ਬੱਚੇ ਨੂੰ ਲਵਾਰਸ ਹਾਲਤ ਵਿਚ ਰੱਖਿਆ ਹੋਇਆ ਸੀ। ਇਸ ਦੌਰਾਨ ਉਸ ਨੇ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕਰ ਲਿਆ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਮੰਦਰ ਪ੍ਰਬੰਧਕ ਕਮੇਟੀ ਨੂੰ ਸੂਚਨਾ ਦਿੱਤੀ।
ਬੱਚੇ ਦੀ ਮੌਤ ਹੋ ਚੁੱਕੀ ਸੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਲੜਕਾ ਸੀ। ਇਲਾਕੇ ਦੇ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ।

