ਪੰਜਾਬ ਡੈਸਕ: ਚੰਡੀਗੜ੍ਹ ਏਅਰਪੋਰਟ 'ਤੇ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਬਾਰੇ ਸੀਆਈਐਸਐਫ ਨੇ ਬਿਆਨ ਜਾਰੀ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਹਾਲੇ ਵੀ ਮੁਅੱਤਲ ਹੈ, ਜਿਸ ਖ਼ਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ।
ਸੂਤਰਾਂ ਅਨੁਸਾਰ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਦਾ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਕੁਲਵਿੰਦਰ ਕੌਰ ਮੁਅੱਤਲ 'ਤੇ ਹੈ ਅਤੇ ਉਸ ਖਿਲਾਫ ਬਣਾਈ ਗਈ ਐੱਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 7 ਜੂਨ 2024 ਨੂੰ ਹਿਮਾਚਲ ਦੇ ਮੰਡੀ ਜ਼ਿਲ੍ਹੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦਿੱਲੀ ਜਾ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਏਅਰਪੋਰਟ 'ਤੇ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ।
ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਰਣੌਤ ਦੇ ਬਿਆਨ ਤੋਂ ਕੁਲਵਿੰਦਰ ਕੌਰ ਨਾਰਾਜ਼ ਸੀ, ਜਿਸ ਕਾਰਨ ਕੰਗਨਾ ਨਾਲ ਬਦਸਲੂਕੀ ਕੀਤੀ ਗਈ। ਮਾਮਲੇ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸਨ ਪਰ ਥੱਪੜ ਮਾਰਨ ਦਾ ਕੋਈ ਵੀਡੀਓ ਸਾਹਮਣੇ ਨਹੀਂ ਆਇਆ ਸੀ।