ਪੰਜਾਬ ਡੈਸਕ : ਪੰਜਾਬ 'ਚ ਵੱਧ ਰਹੇ ਨਸ਼ੇ ਦੇ ਸਬੰਧ 'ਚ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਜੇਲ੍ਹਾਂ ਵਿੱਚ ਚੱਲ ਰਹੇ ਨਸ਼ਿਆਂ ਦੇ ਗਠਜੋੜ ਨੂੰ ਤੋੜਨ ਲਈ ਵੱਡੀਆਂ ਯੋਜਨਾਵਾਂ ਬਣਾ ਰਿਹਾ ਹੈ। NCB ਨੇ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਹੀਂ ਰੱਖਿਆ ਜਾਵੇਗਾ। ਮੁਲਜ਼ਮਾਂ ਨੂੰ ਪੰਜਾਬ ਤੋਂ ਬਾਹਰ ਹੋਰ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇਗਾ।
NCB ਦਾ ਕਹਿਣਾ ਹੈ ਕਿ ਪੰਜਾਬ ਦੇ ਡਰੱਗ ਮਾਫੀਆ ਦੇ ਪਾਕਿਸਤਾਨ ਨਾਲ ਸਬੰਧ ਹਨ, ਜਿਸ ਕਾਰਨ NCB ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਐਨਸੀਬੀ ਦਾ ਕਹਿਣਾ ਹੈ ਕਿ ਡਰੱਗ ਮਾਫੀਆ ਨਾਲ ਸਬੰਧ ਹੋਣ ਕਾਰਨ ਉਹ ਜੇਲ੍ਹਾਂ ਵਿੱਚੋਂ ਨਸ਼ੇ ਦੀ ਤਸਕਰੀ ਜਾਰੀ ਰੱਖਦੇ ਹਨ ਅਤੇ ਹਰ ਰੋਜ਼ ਸਰਹੱਦ ਰਾਹੀਂ ਡਰੋਨ ਹਮਲੇ ਹੁੰਦੇ ਰਹਿੰਦੇ ਹਨ, ਜਿਸ ਨਾਲ ਹੈਰੋਇਨ ਦੀ ਖੇਪ ਭੇਜੀ ਜਾਂਦੀ ਹੈ। ਐਨਸੀਬੀ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਨਸ਼ਾ ਤਸਕਰ ਕੈਦ ਹਨ ਜੋ ਨਸ਼ਿਆਂ ਦਾ ਧੰਦਾ ਚਲਾ ਰਹੇ ਹਨ।
ਇਸ ਦੌਰਾਨ ਇੱਕ ਵੱਡੀ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਨਸ਼ਾ ਤਸਕਰ ਬਿੱਲਾ ਹਵੇਲੀਆ ਨੂੰ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਬਿੱਲਾ ਹਵੇਲੀਆ ਖਿਲਾਫ 10 ਤੋਂ ਵੱਧ ਐਨਡੀਪੀਐਸ ਕੇਸ ਦਰਜ ਹਨ। ਉਸ ਨੂੰ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਸੰਪਰਕ 'ਚ ਸੀ।

.jpg)