ਲੁਧਿਆਣਾ: ਲੁਧਿਆਣਾ ਵਿੱਚ ਇੱਕ ਵਿਆਹੁਤਾ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਰੋਡ ਲੁਧਿਆਣਾ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਦੋਂਕਿ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਔਰਤ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੀੜਤ ਔਰਤ ਦੀ ਪਛਾਣ ਕੋਮਲ ਵਜੋਂ ਹੋਈ ਹੈ। ਪੀੜਤ ਔਰਤ ਕੋਮਲ ਦਾ ਕਹਿਣਾ ਹੈ ਕਿ ਉਸਦਾ ਵਿਆਹ 5 ਸਾਲ ਪਹਿਲਾਂ ਰਾਹੁਲ ਨਾਲ ਹੋਇਆ ਸੀ। ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਨੇ ਲੜਕੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਤਾਅਨੇ ਮਾਰਦਾ ਅਤੇ ਤੰਗ-ਪ੍ਰੇਸ਼ਾਨ ਕਰਦਾ ਸੀ। ਹਰ ਰੋਜ਼ ਉਸ ਤੋਂ ਕੋਈ ਨਾ ਕੋਈ ਮੰਗ ਕੀਤੀ ਜਾ ਰਹੀ ਹੈ। ਸਹੁਰਿਆਂ ਤੋਂ ਤੰਗ ਆ ਕੇ ਅੱਜ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਆਪਣੀ ਵੱਖਰੀ ਪ੍ਰੇਮਿਕਾ ਰੱਖੀ ਹੋਈ ਹੈ, ਜਿਸ ਨਾਲ ਉਸ ਦੇ ਨਾਜਾਇਜ਼ ਸਬੰਧ ਹਨ। ਮਹਿਲਾ ਦੇ ਪਤੀ ਦਾ ਸ਼ਹਿਰ ਵਿੱਚ ਇੱਕ ਰੈਸਟੋਰੈਂਟ ਦੱਸਿਆ ਜਾਂਦਾ ਹੈ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

