ਜਲੰਧਰ : ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਵਿਅਕਤੀ ਨੂੰ 4 ਲੱਖ ਰੁਪਏ ਦੀ ਕੀਮਤ ਦੀ ਇਕ ਕਿਲੋ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ 'ਤੇ ਪੁਲਿਸ ਪਾਰਟੀ ਨੇ ਜਲੰਧਰ ਬੱਸ ਸਟੈਂਡ ਨੇੜੇ ਗ੍ਰੀਨ ਪਾਰਕ ਕਲੋਨੀ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਸ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕੂਲ ਰੋਡ ਵਾਲੇ ਪਾਸੇ ਤੋਂ ਇਕ ਵਿਅਕਤੀ ਨੂੰ ਬੈਗ ਲੈ ਕੇ ਆਉਂਦੇ ਦੇਖਿਆ। ਪੁਲਿਸ ਪਾਰਟੀ ਦੀ ਮੌਜੂਦਗੀ ਤੋਂ ਡਰੇ ਹੋਏ ਵਿਅਕਤੀ ਨੇ ਕਾਹਲੀ ਨਾਲ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਸ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਣ 'ਤੇ ਪੁਲਸ ਪਾਰਟੀ ਨੇ ਉਸ ਨੂੰ ਚੈਕਿੰਗ ਲਈ ਰੋਕਿਆ, ਜਿਸ ਦੌਰਾਨ ਉਸ ਕੋਲੋਂ ਇਕ ਕਿੱਲੋ ਹੈਰੋਇਨ ਅਤੇ 4 ਲੱਖ ਰੁਪਏ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਦੀ ਪਛਾਣ ਸ਼ਿੰਦਾ ਸਿੰਘ ਉਰਫ ਕਾਲਾ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਚੱਕ ਭੰਗੇਵਾਲਾ, ਥਾਣਾ ਮਮਦੋਟ, ਜ਼ਿਲਾ ਫ਼ਿਰੋਜ਼ਪੁਰ ਵਜੋਂ ਕੀਤੀ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ 21ਸੀ-61-85 ਐਨ.ਡੀ.ਪੀ.ਐਸ ਐਕਟ ਅਧੀਨ ਐਫ.ਆਈ.ਆਰ ਨੰਬਰ 200 ਮਿਤੀ 09.09.2024 ਨੂੰ ਥਾਣਾ ਡਵੀਜ਼ਨ ਨੰਬਰ 6, ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ।

