ਪੰਜਾਬ ਡੈਸਕ: ਪੰਜਾਬ ਲਈ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਸੁਰੱਖਿਆ ਏਜੰਸੀ ਨੂੰ ਸ਼ੱਕ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ.(ISI) ਵਿਦੇਸ਼ 'ਚ ਰਹਿੰਦੇ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਆ ਦੀ ਮਦਦ ਨਾਲ ਪੰਜਾਬ 'ਚ ਤਿਉਹਾਰਾਂ ਦੌਰਾਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੀ ਹੈ। ਇਸੇ ਲਈ ਚੰਡੀਗੜ੍ਹ ਗ੍ਰੇਨੇਡ ਬਲਾਸਟ ਦੇ ਮੁਲਜ਼ਮ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਦੀ ਮਦਦ ਲਈ ਗਈ ਸੀ।
ਕੁਝ ਦਿਨਾਂ ਬਾਅਦ, ਹੈਪੀ ਨੇ ਰੋਹਨ ਅਤੇ ਵਿਸ਼ਾਲ ਨੂੰ ਪੰਜਾਬ ਵਿੱਚ ਆਪਣੇ 20 ਦੇ ਕਰੀਬ ਬੰਦਿਆਂ ਨਾਲ ਸੰਪਰਕ ਕਰਾਉਣਾ ਸੀ ਜਿਨ੍ਹਾਂਨੇ ਵਿਸ਼ਾਲ ਅਤੇ ਰੋਹਨ ਨੂੰ ਲੋੜੀਂਦੇ ਵਿਸਫੋਟਕ ਮੁਹੱਈਆ ਕਰਵਾਉਣੇ ਸਨ। ਪੁੱਛਗਿੱਛ ਦੌਰਾਨ ਰੋਹਨ ਅਤੇ ਵਿਸ਼ਾਲ ਨੇ ਸੁਰੱਖਿਆ ਏਜੰਸੀਆਂ ਨੂੰ ਇਹ ਖੁਲਾਸਾ ਕੀਤਾ। ਵਿਸ਼ਾਲ ਅਤੇ ਰੋਹਨ ਨੂੰ ਹੈਪੀ ਦੇ ਸਲੀਪਰ ਸੈੱਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਫੜ ਲਿਆ। ਹੈਪੀ ਨੇ ਵਿਸ਼ਾਲ ਅਤੇ ਰੋਹਨ ਨੂੰ ਚੰਡੀਗੜ੍ਹ ਪਹੁੰਚ ਕੇ ਜੰਮੂ-ਕਸ਼ਮੀਰ ਜਾਣ ਦਾ ਹੁਕਮ ਵੀ ਦਿੱਤਾ। ਉਥੇ ਉਸ ਦੇ ਸਲੀਪਰ ਸੈੱਲ ਨੇ ਉਸ ਨਾਲ ਸੰਪਰਕ ਕੀਤਾ ਅਤੇ ਅਗਲੀ ਰਣਨੀਤੀ ਘੜੀ ਗਈ। ਤਿਉਹਾਰਾਂ ਕਾਰਨ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸੁਰੱਖਿਆ ਵੀ ਵਧਾ ਦਿੱਤੀ ਹੈ। ਸਰਹੱਦੀ ਇਲਾਕਿਆਂ ਵਿੱਚ ਦਿਨ-ਰਾਤ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਹੈਪੀ ਦਾ ਨੈੱਟਵਰਕ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਜੰਮੂ-ਕਸ਼ਮੀਰ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਖੇਤਰਾਂ 'ਚ ਸੋਸ਼ਲ ਮੀਡੀਆ ਰਾਹੀਂ ਹੈਪੀ ਨੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਕੇ ਉਨ੍ਹਾਂ ਨੂੰ ਆਪਣੇ ਨੈੱਟਵਰਕ 'ਚ ਸ਼ਾਮਲ ਕੀਤਾ। ਫਿਲਹਾਲ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

