ਬਨੂੜ: ਬੱਸ ਸਟੈਂਡ 'ਤੇ ਇਕ ਖਾਲੀ ਇਮਾਰਤ 'ਚ ਇਕੱਲੀ ਸੌਂ ਰਹੀ 50 ਸਾਲਾ ਔਰਤ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਆਪਣੀ ਪਤਨੀ ਸੁਨੀਤਾ ਰਾਣੀ ਨਾਲ ਇਸ ਇਮਾਰਤ 'ਚ ਰਹਿ ਰਿਹਾ ਸੀ। ਉਹ ਦੋਵੇਂ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਸਨ। ਮੰਗਲਵਾਰ ਨੂੰ ਉਹ ਬਰਵਾਲਾ (ਹਰਿਆਣਾ) 'ਚ ਕੰਮ ਕਰਨ ਗਿਆ ਸੀ। ਬੀਤੀ ਰਾਤ ਆਪਣੀ ਪਤਨੀ ਨਾਲ ਫ਼ੋਨ 'ਤੇ ਗੱਲ ਕੀਤੀ। ਰਜਿੰਦਰ ਕੁਮਾਰ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ ਆਪਣੀ ਪਤਨੀ ਨੂੰ ਫੋਨ ਕਰ ਰਿਹਾ ਸੀ ਪਰ ਉਹ ਫੋਨ ਨਹੀਂ ਚੁੱਕ ਰਹੀ ਸੀ। ਜਦੋਂ ਉਹਘਰ 'ਚ ਪਹੁੰਚਿਆ ਤਾਂ ਉਸ ਦੀ ਪਤਨੀ ਦੀ ਖੂਨ ਨਾਲ ਲਥਪਥ ਲਾਸ਼ ਉਥੇ ਪਈ ਸੀ। ਉਸਨੇ ਤੁਰੰਤ ਆਪਣੀ ਧੀ ਅਤੇ ਆਸ ਪਾਸ ਰਹਿਣ ਵਾਲੇ ਹੋਰ ਲੋਕਾਂ ਨੂੰ ਇਸ ਘਟਨਾ ਬਾਰੇ ਦੱਸਿਆ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਮੁਖੀ ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਐਸਪੀਡੀ ਯੋਗੇਸ਼ ਸ਼ਰਮਾ, ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਸੀਆਈਏ ਇੰਸਪੈਕਟਰ ਸਮਿੰਦਰ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਨੇ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਅਤੇ ਪਰਿਵਾਰ ਦੇ ਬਿਆਨ ਦਰਜ ਕੀਤੇ। ਇਸ ਤੋਂ ਬਾਅਦ ਫੋਰੈਂਸਿਕ ਮਾਹਰਾਂ ਦੀ ਟੀਮ ਮੌਕੇ 'ਤੇ ਪਹੁੰਚੀ, ਜੋ ਜਾਂਚ ਕਰ ਰਹੀ ਹੈ। ਐਸਪੀਡੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਔਰਤ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਕੀਤਾ ਗਿਆ ਸੀ। ਇਸ ਮਾਮਲੇ 'ਚ ਆਪਸੀ ਦੁਸ਼ਮਣੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

