ਜਲੰਧਰ(ਬਿਊਰੋ)— ਰਾਮਾ ਮੰਡੀ ਥਾਣੇ ਦੀ ਪੁਲਸ ਨੇ ਦੋਮੋਰੀਆ ਪੁਲ ਨੇੜੇ ਹੋਏ ਦੁਸਹਿਰੇ ਦੇ ਜਸ਼ਨ 'ਚ ਰਾਵਣ ਦੀ ਥਾਂ ਰਾਮ ਦਾ ਪੁਤਲਾ ਬਣਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੱਲ੍ਹ ਉਸ ਨੂੰ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਫੜ ਲਿਆ ਅਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਮੁਲਜ਼ਮ ਦੀ ਪਛਾਣ ਵੀਰੂ ਠਾਕੁਰ ਪੁੱਤਰ ਪੰਕਜ ਠਾਕੁਰ ਵਾਸੀ 102 ਕਾਜ਼ੀ ਮੰਡੀ, ਜਲੰਧਰ ਵਜੋਂ ਹੋਈ ਹੈ। ਹਿੰਦੂ ਆਗੂ ਰਾਕੇਸ਼ ਪੁੱਤਰ ਰਾਮ ਬਿਲਾਸ ਵਾਸੀ ਪਿੰਡ ਧੀਨਾ ਥਾਣਾ ਸਦਰ ਜਲੰਧਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਨਾਲ ਮੌਕੇ 'ਤੇ ਪਹੁੰਚੇ ਅਤੇ ਪੁਤਲੇ 'ਤੇ ਸ਼੍ਰੀ ਰਾਮ ਲਿਖਿਆ ਦੇਖਿਆ ਤਾਂ ਉਸ ਨੇ ਉਥੇ ਮੌਜੂਦ ਨੌਜਵਾਨ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਰਾਵਣ 'ਚ ਵਿਸ਼ਵਾਸ ਕਰਦਾ ਹੈ ਨਾ ਕਿ ਰਾਮ ਨੂੰ। ਉਸ ਦੇ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਏ।
ਐਸਐਚਓ ਥਿੰਦ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵੀਰੂ ਠਾਕੁਰ ਅਤੇ ਉਸਦੇ ਸਾਥੀਆਂ ਖਿਲਾਫ ਰਾਮਾ ਮੰਡੀ ਥਾਣੇ ਵਿੱਚ 299 ਬੀਐਨਐਸ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

