ਹੁਸ਼ਿਆਰਪੁਰ: ਨਗਰ ਨਿਗਮ ਹੁਸ਼ਿਆਰਪੁਰ ਡਾ: ਅਮਨਦੀਪ ਕੌਰ ਨੇ ਅੱਜ ਸ਼ਹਿਰ ਵਿੱਚ ਇਮਾਰਤਾਂ ਦੀ ਉਸਾਰੀ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ। ਇਸ ਦੌਰਾਨ ਕਮਿਸ਼ਨਰ ਦੀ ਅਗਵਾਈ 'ਚ ਨਿਗਮ ਦੀ ਟੀਮ ਨੇ ਕੁੱਲ 18 ਥਾਵਾਂ ਦਾ ਨਿਰੀਖਣ ਕੀਤਾ।
ਜਾਂਚ ਦੌਰਾਨ 2 ਇਮਾਰਤਾਂ 'ਚ ਨਿਯਮਾਂ ਦੀ ਗੰਭੀਰ ਉਲੰਘਣਾ ਪਾਈ ਗਈ, ਜਿਸ ਕਾਰਨ ਇਨ੍ਹਾਂ ਇਮਾਰਤਾਂ ਨੂੰ ਮੌਕੇ 'ਤੇ ਹੀ ਸੀਲ ਕਰ ਦਿੱਤਾ ਗਿਆ। ਬਾਕੀ 16 ਇਮਾਰਤਾਂ ਦੇ ਸਬੰਧ ਵਿੱਚ ਮੁੱਢਲੀ ਜਾਂਚ ਦੇ ਅਧਾਰ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਅਮਨਦੀਪ ਕੌਰ ਨੇ ਸਬੰਧਤ ਬਿਲਡਿੰਗ ਇੰਸਪੈਕਟਰਾਂ ਅਤੇ ਮਾਸਟਰ ਟਾਊਨ ਪਲਾਨਰ (ਐਮ.ਟੀ.ਪੀਜ਼) ਨੂੰ ਇਨ੍ਹਾਂ ਇਮਾਰਤਾਂ ਦੀ ਵਿਸਥਾਰਤ ਰਿਪੋਰਟ ਕੱਲ੍ਹ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਮਾਰਤ ਦੀ ਉਸਾਰੀ ਦੌਰਾਨ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਨਗਰ ਨਿਗਮ ਦੀ ਤਰਜੀਹ ਹੈ ਤਾਂ ਜੋ ਸ਼ਹਿਰ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਹੋ ਸਕੇ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

