ਪੰਜਾਬ ਡੈਸਕ: ਇਸ ਸਮੇਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਹਿਸਾਰ 'ਚ ਮੁਲਜ਼ਮਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ 'ਚ ਦੋਵਾਂ ਮੁਲਜ਼ਮਾਂ ਦੀ ਲੱਤ 'ਚ ਗੋਲੀ ਲੱਗਣ ਦੀ ਖਬਰ ਮਿਲੀ ਸੀ। ਜਾਣਕਾਰੀ ਮੁਤਾਬਕ ਇਹ ਮੁਕਾਬਲਾ ਹਰਿਆਣਾ ਦੇ ਹਿਸਾਰ 'ਚ ਹੋਇਆ ਹੈ, ਜਿਸ 'ਚ ਪੁਲਸ ਵੱਲੋਂ ਕੀਤੀ ਗਈ ਕਰਾਸ ਫਾਇਰਿੰਗ ਕਾਰਨ ਦੋਵੇਂ ਦੋਸ਼ੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਹਿਸਾਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਫੜਨ ਲਈ ਚੰਡੀਗੜ੍ਹ ਪੁਲਿਸ ਅਤੇ ਹਿਸਾਰ ਐਸਟੀਐਫ ਨੇ ਸਾਂਝੀ ਮੁਹਿੰਮ ਚਲਾਈ।
ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਗੈਂਗਸਟਰ ਨੇ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਦੇ ਕਹਿਣ 'ਤੇ ਕਲੱਬਾਂ ਦੇ ਬਾਹਰ ਬੰਬ ਸੁੱਟੇ ਸਨ। ਧਮਾਕੇ ਤੋਂ ਬਾਅਦ ਗੋਲਡੀ ਬਰਾੜ ਨੇ ਵੀ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ, ਪੋਸਟ ਨੂੰ ਕੁਝ ਸਮੇਂ ਲਈ ਡਿਲੀਟ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਵਿਨੈ (21) ਵਾਸੀ ਖਰੜ ਅਤੇ ਅਜੀਤ (21) ਵਾਸੀ ਪਿੰਡ ਦੇਵਾ (ਹਿਸਾਰ) ਵਜੋਂ ਹੋਈ ਹੈ। ਦੋਵੇਂ ਕਬੱਡੀ ਖਿਡਾਰੀ ਹਨ। ਅਜੀਤ 'ਤੇ ਪਹਿਲਾਂ ਵੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

