ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਹਯਾਤਪੁਰ ਵਿੱਚ ਡੇਢ ਸਾਲ ਦੀ ਬੱਚੀ ਦੀ ਦੁਖਦਾਈ ਮੌਤ ਹੋ ਗਈ। ਲੜਕੀ ਆਪਣੇ ਘਰ ਦੇ ਅੰਦਰ ਖੇਡ ਰਹੀ ਸੀ ਤੇ ਉਸ ਉਤੇ ਲੋਹੇ ਦਾ ਗੇਟ ਡਿੱਗ ਗਿਆ। ਗੇਟ ਹੇਠਾਂ ਦੱਬੇ ਜਾਣ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਾਨੀ ਕੌਰ ਵਜੋਂ ਹੋਈ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਅਮਰੀਕਾ ਵਿੱਚ ਰਹਿੰਦੇ ਹਨ। ਇੱਥੇ ਲੜਕੀ ਆਪਣੀ ਦਾਦੀ ਗੁਰਦੇਵ ਕੌਰ ਨਾਲ ਰਹਿੰਦੀ ਸੀ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਗੁਰਦੇਵ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਦਰਸ਼ਨ ਸਿੰਘ ਰੁਜ਼ਗਾਰ ਦੀ ਭਾਲ 'ਚ ਅਮਰੀਕਾ ਗਿਆ ਹੋਇਆ ਹੈ। ਇੱਥੇ ਬੱਚੀ ਉਸ ਦੇ ਨਾਲ ਰਹਿੰਦੀ ਸੀ। ਉਸ ਦੇ ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈਤੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਜਿਸ ਕਾਰਨ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਸਨ।
ਵਿਹੜੇ ਵਿੱਚ ਇੱਕ ਲੋਹੇ ਦਾ ਗੇਟ ਰੱਖਿਆ ਗਿਆ ਸੀ। ਜਦੋਂ ਲੜਕੀ ਖੇਡਦੇ ਹੋਏ ਗੇਟ ਦੇ ਉੱਪਰ ਚੜ੍ਹ ਗਈ ਤਾਂ ਗੇਟ ਉਸ 'ਤੇ ਡਿੱਗ ਪਿਆ। ਹੇਠਾਂ ਦੱਬੇ ਜਾਣ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ। ਮਿਸਤਰੀ ਨੇ ਲੜਕੀ ਦੀਆਂ ਚੀਕਾਂ ਸੁਣਕੇ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਥਾਣਾ ਮਾਛੀਵਾੜਾ ਸਾਹਿਬ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਚ ਘਟਨਾ ਦੀ ਸੱਚਾਈ ਸਾਹਮਣੇ ਆ ਗਈ ਹੈ। ਪੁਲਿਸ ਨੇ ਗੁਰਦੇਵ ਕੌਰ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

