ਬੱਸੀ ਪਠਾਣਾ : ਬੀਤੀ ਰਾਤ ਬੱਸੀ ਪਠਾਣਾ ਨੇੜੇ ਪਿੰਡ ਮੁਸਤਫਾਬਾਦ ਦੇ ਇਕ ਵਿਆਹ ਹਾਲ 'ਚ ਅਚਾਨਕ ਸਿਲੰਡਰ ਨੂੰ ਅੱਗ ਲੱਗਣ ਨਾਲ ਖੁਸ਼ੀ ਸੋਗ 'ਚ ਬਦਲ ਗਈ। ਇਸ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇੜੀ ਨੋਧ ਸਿੰਘ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਇਹ ਘਟਨਾ ਉਸ ਦੇ ਭਰਾ ਅਵਤਾਰ ਸਿੰਘ ਦੇ ਘਰ ਉਸ ਦੀ ਧੀ ਦੇ ਵਿਆਹ ਦੌਰਾਨ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਦਾ ਨਾਨਾ, ਜੋ ਮਿਠਾਈ ਦਾ ਕੰਮ ਕਰਦਾ ਹੈ, ਆਪਣੇ ਰਿਸ਼ਤੇਦਾਰਾਂ ਲਈ ਖਾਣਾ ਬਣਾ ਰਿਹਾ ਸੀ।
ਇਸ ਦੌਰਾਨ ਅਚਾਨਕ ਸਿਲੰਡਰ ਲੀਕ ਹੋ ਗਿਆ ਅਤੇ ਅੱਗ ਲੱਗ ਗਈ, ਜਿਸ ਕਾਰਨ 6 ਲੋਕ ਮੌਕੇ 'ਤੇ ਹੀ ਅੱਗ ਦੀ ਲਪੇਟ 'ਚ ਆ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੂਜੀ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਬਲਾਕ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਸਵਰਨ ਸਿੰਘ ਮੁਸਾਫਾਬਾਦ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।