ਅੰਮ੍ਰਿਤਸਰ/ਚੰਡੀਗੜ੍ਹ: ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਸੂਬੇ ਵਿੱਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਦੋ ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦੇ ਗਏ ਹਥਿਆਰਾਂ ਦੀ ਖੇਪ ਸੌਂਪਣ ਲਈ ਕਿਸੇ ਹੋਰ ਹੈਂਡਲਰ ਦੀ ਉਡੀਕ ਕਰ ਰਹੇ ਸਨ। ਇਹ ਜਾਣਕਾਰੀ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਗਜੀਤ ਸਿੰਘ ਉਰਫ ਨਿੱਕੂ ਅਤੇ ਗੁਰਵਿੰਦਰ ਸਿੰਘ ਉਰਫ ਗਾਂਧੀ ਵਾਸੀ ਪਿੰਡ ਕੌਲੇਵਾਲ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਆਸਟਰੀਆ ਵਿੱਚ ਬਣੇ ਚਾਰ ਗਲਾਕ ਪਿਸਤੌਲ, ਤੁਰਕੀ ਵਿੱਚ ਬਣੇ ਦੋ 9 ਐਮਐਮ ਪਿਸਤੌਲ ਅਤੇ ਦੋ ਐਕਸ-ਸ਼ਾਟ ਜਿਗਾਨਾ .30 ਬੋਰ ਪਿਸਤੌਲ ਅਤੇ 10 ਕਾਰਤੂਸ ਸਮੇਤ ਅੱਠ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਡੀਜੀਪੀ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਨੇ ਮਾਡਿਊਲ ਦੇ ਮੁੱਖ ਸਰਗਨਾ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਮਾਡਿਊਲ ਐਨਕ੍ਰਿਪਟਿਡ ਐਪਸ ਰਾਹੀਂ ਪਾਕਿਸਤਾਨ ਅਧਾਰਤ ਹਥਿਆਰ ਤਸਕਰਾਂ ਦੇ ਸੰਪਰਕ ਵਿੱਚ ਸੀ। ਇਸ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

