ਜਲੰਧਰ(ਬਿਊਰੋ)— ਜਲੰਧਰ ਦੇ ਦਿਹਾਤੀ ਇਲਾਕੇ 'ਚ ਪੁਲਸ ਨੇ ਕਤਲ ਦਾ ਮਾਮਲਾ ਸਿਰਫ 5 ਘੰਟਿਆਂ 'ਚ ਸੁਲਝਾ ਲਿਆ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਫਲਤਾ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਅਤੇ ਡਿਪਟੀ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਸਰਵਣ ਸਿੰਘ ਬੱਲਾ ਦੀ ਅਗਵਾਈ ਹੇਠ ਥਾਣਾ ਫਿਲੌਰ ਦੀ ਟੀਮ ਨੇ ਹਾਸਲ ਕੀਤੀ। ਜਾਂਚ ਦੌਰਾਨ ਲਿਆਕਤ ਅਲੀ ਪੁੱਤਰ ਬਬੂਦੀਨ, ਵਾਸੀ ਪਿੰਡ ਅਸ਼ਹੂਰ (ਥਾਣਾ ਫਿਲੌਰ) ਵਿਰੁੱਧ ਮੁਕੱਦਮਾ ਨੰਬਰ 309 ਮਿਤੀ 19.11.2024 ਨੂੰ ਧਾਰਾ 103/238 ਬੀ.ਐਨ.ਐਸ. ਦੇ ਤਹਿਤ ਦਾਇਰ ਕੀਤਾ ਗਿਆ ਹੈ। ਲਿਆਕਤ ਅਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦੇ ਭਰਾ ਗਨੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦੇ ਮ੍ਰਿਤਕ ਸ਼ਕੀਰਾ ਨਾਲ ਨਾਜਾਇਜ਼ ਸਬੰਧ ਸਨ। 18 ਨਵੰਬਰ ਨੂੰ ਲਿਆਕਤ ਅਲੀ ਆਪਣੇ ਭਰਾ ਗਨੀ ਨਾਲ ਪਿੰਡ ਆਟਾ ਨਹਿਰ ਨੇੜੇ ਸ਼ਕੀਰਾ ਨੂੰ ਮਿਲਣ ਗਿਆ ਸੀ। ਇਸ ਦੌਰਾਨ ਆਪਸੀ ਬਹਿਸ ਤੋਂ ਬਾਅਦ ਲਿਆਕਤ ਅਲੀ ਨੇ ਚੁੰਨੀ ਨਾਲ ਸ਼ਕੀਰਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪਿੰਡ ਆਟਾ ਦੀ ਖੱਡ ਵਿੱਚ ਸੁੱਟ ਦਿੱਤਾ ਗਿਆ ਸੀ। ਦੋਸ਼ੀ ਨੇ ਸਬੂਤ ਨਸ਼ਟ ਕਰਨ ਲਈ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਆਪਣਾ ਫੋਨ ਤੋੜ ਦਿੱਤਾ। ਮੁਲਜ਼ਮ ਲਿਆਕਤ ਅਲੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਅਗਲੇਰੀ ਪੁੱਛਗਿੱਛ ਜਾਰੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਫਿਲੌਰ ਵਿਖੇ ਕਰਵਾਇਆ ਜਾ ਰਿਹਾ ਹੈ। ਪੁਲਿਸ ਮੁਲਜ਼ਮ ਦੇ ਭਰਾ ਗਨੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

