ਪਟਿਆਲਾ: ਪਟਿਆਲਾ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪਸਿਆਣਾ ਥਾਣੇ ਅਧੀਨ ਪੈਂਦੇ ਪਿੰਡ ਬਠੋਈ 'ਚ ਮਾਂ ਦੇ ਗਹਿਣਿਆਂ ਨੂੰ ਲੈ ਕੇ ਦੋ ਭਰਾਵਾਂ ਵਿਚਾਲੇ ਹੋਏ ਝਗੜੇ ਨੇ ਖੂਨੀ ਰੂਪ ਲੈ ਲਿਆ। ਝਗੜੇ ਦੌਰਾਨ ਬਚਾਅ ਲਈ ਆਈ ਛੋਟੇ ਭਰਾ ਦੀ ਪਤਨੀ 'ਤੇ ਵੱਡੇ ਭਰਾ ਨੇ ਗੁੱਸੇ 'ਚ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਹੇਮਾ ਰਾਣੀ (28) ਵਜੋਂ ਹੋਈ ਹੈ, ਜੋ ਰਿਸ਼ਤੇ 'ਚ ਮੁਲਜ਼ਮ ਦੀ ਭਾਬੀ ਸੀ। ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਤੀ ਵਿਕਰਮਜੀਤ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਦਿਓਰ ਕਮਲਪ੍ਰੀਤ ਕੁਮਾਰ ਅਤੇ ਨਨਦ ਬਬੀਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਂ ਪਿਛਲੇ ਕੁਝ ਸਮੇਂ ਤੋਂ ਛੋਟੇ ਭਰਾ ਨਾਲ ਰਹਿ ਰਹੀ ਸੀ। ਮਾਂ ਕੋਲ ਲਗਭਗ 10 ਤੋਲੇ ਸੋਨਾ ਸੀ। ਮਾਂ ਦੇ ਗਹਿਣਿਆਂ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਝਗੜਾ ਹੋਇਆ ਸੀ।
ਬੀਤੀ ਰਾਤ ਵੀ ਇਨ੍ਹਾਂ ਗਹਿਣਿਆਂ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਗੁੱਸੇ 'ਚ ਆ ਗਿਆ ਅਤੇ ਹੇਮਾ ਰਾਣੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਜ਼ਖਮੀ ਹੋਈ ਔਰਤ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਔਰਤ ਦਾ ਇਕ 7 ਸਾਲ ਦਾ ਬੱਚਾ ਵੀ ਹੈ। ਧਕਾਲਾ ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

