ਫਿਰੋਜ਼ਪੁਰ: 14 ਸਾਲਾ ਲੜਕੀ ਨੂੰ ਸਾਜ਼ਿਸ਼ ਤਹਿਤ ਅੰਮ੍ਰਿਤਸਰ ਲਿਜਾ ਕੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਮਮਤਾ ਪਤਨੀ ਮੌਂਟੀ, ਪਾਇਲ ਪਤਨੀ ਨਬਾਸ ਅਤੇ ਸੰਜੇ ਪੁੱਤਰ ਸ਼੍ਰੀ ਰਾਮ ਵਾਸੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਮਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਪਾਇਲ ਅਤੇ ਸੰਜੇ ਕੁਮਾਰ ਅਜੇ ਵੀ ਫਰਾਰ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਕੈਂਟ ਦੀ ਰਹਿਣ ਵਾਲੀ ਪੀੜਤ ਲੜਕੀ ਉਮਰ ਕਰੀਬ 14 ਸਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ 'ਚ ਦੱਸਿਆ ਹੈ ਕਿ ਮਮਤਾ ਨੇ ਉਸ ਨੂੰ 5 ਦਸੰਬਰ 2024 ਨੂੰ ਦੁਪਹਿਰ ਕਰੀਬ 1 ਵਜੇ ਆਪਣੀ ਦੋਸਤ ਪਾਇਲ ਨਾਲ ਕੱਪੜੇ ਲਿਆਉਣ ਲਈ ਅੰਮ੍ਰਿਤਸਰ ਜਾਣ ਲਈ ਕਿਹਾ ਸੀ। ਲੜਕੀ ਨੇ ਦੱਸਿਆ ਕਿ ਪਾਇਲ ਉਸ ਨੂੰ ਆਪਣੀ ਕਾਰ 'ਚ ਲੈ ਗਈ ਅਤੇ ਸ਼ਾਮ ਕਰੀਬ 6.30 ਵਜੇ ਉਹ ਅੰਮ੍ਰਿਤਸਰ ਪਹੁੰਚੀ ਅਤੇ ਪਾਇਲ ਨੇ ਉਸ ਨੂੰ ਕਿਹਾ ਕਿ ਸਾਨੂੰ ਪਹਿਲਾਂ ਰਹਿਣ ਲਈ ਕਮਰਾ ਲੱਭਣਾ ਚਾਹੀਦਾ ਹੈ ਅਤੇ ਫਿਰ ਉਹ ਉਸ ਨੂੰ ਇਕ ਘਰ 'ਚ ਲੈ ਗਈ ਅਤੇ ਉਥੇ ਇਕ ਕਮਰੇ 'ਚ ਬਿਠਾ ਕੇ ਕਹਿਣ ਲੱਗੀ ਕਿ ਤੁਸੀਂ ਇੱਥੇ ਬੈਠੋ, ਮੈਂ ਆ ਰਹੀ ਹਾਂ।
ਸ਼ਿਕਾਇਤਕਰਤਾ ਲੜਕੀ ਅਨੁਸਾਰ ਉਸ ਤੋਂ ਬਾਅਦ ਪਾਇਲ ਚਲੀ ਗਈ ਅਤੇ ਥੋੜ੍ਹੀ ਦੇਰ ਬਾਅਦ ਉਥੇ ਇਕ ਲੜਕਾ ਆਇਆ ਜਿਸ ਨੂੰ ਉਹ ਨਹੀਂ ਜਾਣਦੀ ਅਤੇ ਲੜਕੇ ਨੇ ਕਮਰੇ ਵਿਚ ਆਉਂਦੇ ਹੀ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਲੜਕੇ ਨੇ ਜ਼ਬਰਦਸਤੀ ਉਸ ਦੀ ਟੀ-ਸ਼ਰਟ ਉਤਾਰ ਦਿੱਤੀ ਅਤੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਹ ਰੌਲਾ ਪਾਉਣ ਲੱਗੀ ਅਤੇ ਕਮਰੇ ਦੇ ਬਾਥਰੂਮ ਵੱਲ ਭੱਜ ਕੇ ਅੰਦਰੋਂ ਬੰਦ ਹੋ ਗਈ ਤਾਂ ਆਪਣੇ ਆਪ ਨੂੰ ਬਾਥਰੂਮ 'ਚ ਬੰਦ ਕਰ ਲਿਆ ਅਤੇ ਪੂਰੀ ਰਾਤ ਬਾਥਰੂਮ 'ਚ ਬਿਤਾਈ। ਏਐਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

