ਮੋਹਾਲੀ : ਮੋਹਾਲੀ ਦੇ ਪਿੰਡ ਸੋਹਾਣਾ 'ਚ ਬੀਤੀ ਸ਼ਾਮ ਇਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਇਸ ਦੌਰਾਨ ਕਈ ਲੋਕ ਮਲਬੇ ਹੇਠ ਦੱਬੇ ਗਏ। ਬਹੁਤ ਸਾਰੇ ਲੋਕਾਂ ਨੂੰ ਇਸ ਤੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਲਬੇ 'ਚੋਂ 2 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅੱਜ ਅੰਬਾਲਾ ਦੇ ਰਹਿਣ ਵਾਲੇ 28 ਸਾਲਾ ਅਭਿਸ਼ੇਕ ਦੀ ਲਾਸ਼ ਮਲਬੇ 'ਚੋਂ ਬਰਾਮਦ ਕੀਤੀ ਗਈ ਹੈ। ਨੌਜਵਾਨ ਟ੍ਰੇਨਿੰਗ ਲਈ ਜਿਮ ਆਇਆ ਸੀ ਅਤੇ ਇਹ ਹਾਦਸਾ ਵਾਪਰਿਆ।
ਉਥੇ ਹੀ ਹਿਮਾਚਲ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ ਦੀ ਲਾਸ਼ ਬੀਤੇ ਦਿਨ ਮਲਬੇ 'ਚੋਂ ਬਰਾਮਦ ਕੀਤੀ ਗਈ ਸੀ। ਉਹ ਇਸ ਇਮਾਰਤ ਵਿੱਚ ਪੀ.ਜੀ. ਦਾ ਵਿਦਿਆਰਥੀ ਸੀ। ਇਮਾਰਤ ਦੇ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਨਡੀਆਰਐਫ ਅਤੇ ਫੌਜ ਵੱਲੋਂ ਬਚਾਅ ਕਾਰਜ ਜਾਰੀ ਹੈ। ਉਥੇ ਹੀ ਕਿਹਾ ਜਾ ਰਿਹਾ ਹੈ ਕਿ 2 ਲੋਕ ਅਜੇ ਵੀ ਮਲਬੇ 'ਚ ਦੱਬੇ ਹੋਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਇਮਾਰਤ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ 'ਤੇ ਇਕ ਜਿਮ ਸੀ। ਪਹਿਲੀ ਮੰਜ਼ਿਲ 'ਤੇ ਇੱਕ ਟਿਊਸ਼ਨ ਸੈਂਟਰ ਅਤੇ ਦੂਜੀ ਮੰਜ਼ਿਲ 'ਤੇ ਇੱਕ ਪੀਜੀ ਸੈਂਟਰ ਸੀ। ਬੇਸਮੈਂਟ ਵਿਚ ਇਮਾਰਤ ਦੀ ਖੁਦਾਈ ਕੀਤੀ ਜਾ ਰਹੀ ਸੀ ਜਿਸ ਕਾਰਨ ਇਹ ਡਿੱਗ ਗਈ। ਇਸ ਘਟਨਾ ਨਾਲ ਇਲਾਕੇ 'ਚ ਹਫੜਾ-ਦਫੜੀ ਮਚ ਗਈ।