ਕੋਟਕਪੂਰਾ: ਪੰਜਾਬ ਭਰ 'ਚ 2-3 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸਥਾਨਕ ਕਸਬਾ ਕੋਟਕਪੂਰਾ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਮੁਹੱਲਾ ਹਰਨਾਮਪੁਰਾ 'ਚ ਇਕ ਮਕਾਨ ਦੇ ਬਰਾਂਡੇ ਦੀ ਛੱਤ ਡਿੱਗ ਗਈ। ਇਸ ਦੌਰਾਨ ਕਰਤਾਰ ਸਿੰਘ (ਉਮਰ 72) ਪੁੱਤਰ ਕ੍ਰਿਸ਼ਨ ਸਿੰਘ ਵਾਸੀ ਮੁਹੱਲਾ ਹਰਨਾਮਪੁਰਾ ਆਪਣੇ ਘਰ ਦੇ ਬਰਾਂਡੇ 'ਚ ਬਿਸਤਰੇ 'ਤੇ ਪਿਆ ਸੀ ਕਿ ਸਵੇਰੇ ਕਰੀਬ 7 ਵਜੇ ਅਚਾਨਕ ਛੱਤ ਡਿੱਗ ਗਈ ਅਤੇ ਛੱਤ ਦਾ ਸਾਰਾ ਮਲਬਾ ਬਜ਼ੁਰਗ 'ਤੇ ਡਿੱਗ ਪਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਘਟਨਾ ਵਿਚ ਜ਼ਖਮੀ ਕਰਤਾਰ ਸਿੰਘ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਬਲਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਲਗਾਤਾਰ ਮੀਂਹ ਪੈ ਰਿਹਾ ਸੀ ਅਤੇ ਇਸ ਮੀਂਹ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੇ ਬਜ਼ੁਰਗ ਪਿਤਾ ਉਥੇ ਪਏ ਹੋਏ ਛੱਤ ਦੇ ਮਲਬੇ ਹੇਠਾਂ ਆ ਕੇ ਜ਼ਖਮੀ ਹੋ ਗਏ।

