ਪੰਜਾਬ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿੱਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਗਵੰਤ ਮਾਨ ਨੇ ਟਵੀਟ ਕੀਤਾ, "ਬਠਿੰਡਾ ਦੇ ਤਲਵੰਡੀ ਸਾਬੋ ਰੋਡ 'ਤੇ ਸਥਿਤ ਲਸਾੜਾ ਡਰੇਨ ਵਿੱਚ ਇੱਕ ਨਿੱਜੀ ਬੱਸ ਹਾਦਸੇ ਦੀ ਦੁਖਦਾਈ ਖ਼ਬਰ ਮਿਲੀ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਮੌਜੂਦ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਬਚਾਅ ਕਾਰਜ ਜਾਰੀ ਹੈ, ਹਰ ਪਲ ਅਪਡੇਟ ਲੈ ਰਹੇ ਹਨ। ਮੈਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਜ਼ਖਮੀ ਯਾਤਰੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ। ਬਠਿੰਡਾ ਦੇ ਜੀਵਨ ਸਿੰਘ ਵਾਲਾ ਅਤੇ ਕੋਟ ਸ਼ਮੀਰ ਵਿਚਕਾਰ ਅੱਜ ਇੱਕ ਨਿੱਜੀ ਬੱਸ ਨਾਲੇ ਵਿੱਚ ਡਿੱਗ ਗਈ। ਜਾਣਕਾਰੀ ਮੁਤਾਬਕ ਜਦੋਂ ਨਿੱਜੀ ਕੰਪਨੀ ਦੀ ਇਹ ਬੱਸ ਨਾਲੇ 'ਚ ਡਿੱਗੀ ਤਾਂ ਮੌਕੇ 'ਤੇ ਹੀ ਰੌਲਾ ਪੈ ਗਿਆ। ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ, ਜਿਨ੍ਹਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਸ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਕੀ ਲੋਕਾਂ ਲਈ ਰਾਹਤ ਕਾਰਜ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਸਮੇਤ ਹੋਰ ਸੰਗਠਨਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਮੀਂਹ ਕਾਰਨ ਬੱਸ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ।