ਜਲੰਧਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਚ ਇਕ ਨੇਤਾ ਹੱਥ 'ਚ ਪਿਸਤੌਲ ਅਤੇ ਵੱਡੀ ਗਿਣਤੀ 'ਚ ਨੋਟ ਲੈ ਕੇ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਨੇ ਪਹਿਲਾਂ ਹੀ ਹਥਿਆਰਾਂ ਨਾਲ ਫੋਟੋ ਖਿੱਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ 'ਚ ਇਹ ਤਸਵੀਰ ਇਸ ਨਿਯਮ ਦੀ ਉਲੰਘਣਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਵਾਇਰਲ ਹੋ ਰਹੀ ਇਹ ਤਸਵੀਰ ਜੀਟੀਬੀ ਨਗਰ ਵਰਗੇ ਪੌਸ਼ ਇਲਾਕਿਆਂ ਦੇ 'ਆਪ' ਆਗੂ ਲੱਕੀ ਓਬਰਾਏ ਦੀ ਹੈ, ਜਿਸ ਤੋਂ ਬਾਅਦ ਰਾਜਨੀਤੀ 'ਚ ਚਰਚਾ ਛਿੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਘਟਨਾ ਨਾਲ ਪਾਰਟੀ ਦਾ ਅਕਸ ਖਰਾਬ ਹੋ ਸਕਦਾ ਹੈ। ਰਾਜਨੇਤਾ ਲੱਕੀ ਓਬਰਾਏ ਦੀ ਪਤਨੀ ਸਿਮਰਨਜੋਤ ਕੌਰ ਇਸ ਵਾਰ ਝਾੜੂ ਦੀ ਟਿਕਟ 'ਤੇ ਨਗਰ ਨਿਗਮ ਚੋਣਾਂ ਲੜ ਰਹੀ ਹੈ। ਉਸ ਦੀ ਇਹ ਵਾਇਰਲ ਫੋਟੋ ਹੁਣ ਵਿਵਾਦ ਦਾ ਕਾਰਨ ਬਣ ਗਈ ਹੈ। ਇਹ ਤਸਵੀਰ ਚੋਣ ਮੁਹਿੰਮ ਵਿਚ ਉਨ੍ਹਾਂ ਦੀ ਪਤਨੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲੱਕੀ ਓਬਰਾਏ ਨੂੰ ਵਾਰਡ ਨੰਬਰ 35 ਤੋਂ 'ਆਪ' ਦੀ ਟਿਕਟ ਦਿਤੀ ਗਈ ਹੈ। ਪਹਿਲਾਂ 'ਆਪ' ਆਗੂ ਹਰਸ਼ਰਨ ਕੌਰ 'ਹੈਪੀ' ਨੂੰ ਇਸ ਸੀਟ ਤੋਂ ਟਿਕਟ ਮਿਲਣ ਦੀ ਉਮੀਦ ਸੀ ਪਰ ਲੱਕੀ ਓਬਰਾਏ ਨੂੰ ਇਹ ਟਿਕਟ ਮਿਲ ਗਈ। ਹਰਸ਼ਰਨ ਅਤੇ ਉਸ ਦੇ ਪਤੀ ਸੁਰਿੰਦਰ ਭਾਪਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਲੱਕੀ ਓਬਰਾਏ ਦੀ ਵਾਇਰਲ ਹੋਈ ਤਸਵੀਰ ਨੇ ਚੋਣ ਮਾਹੌਲ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਜਲੰਧਰ ਇਲਾਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਇਸ ਵਿਵਾਦਪੂਰਨ ਫੋਟੋ ਨੂੰ ਲੈ ਕੇ ਪੂਰੀ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਸਨੇ ਸ਼ਿਕਾਇਤ ਚੰਡੀਗੜ੍ਹ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਹੁਣ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ।


