ਮੋਗਾ: ਪੰਜਾਬ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਰਾ ਨੇ ਆਪਣੀ ਹੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭੈਣ ਦਾ ਕਤਲ ਭਰਾ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਹੈ। ਜਾਣਕਾਰੀ ਅਨੁਸਾਰ ਰਾਣੀ ਕੌਰ ਦੀ ਪਤਨੀ ਸਵਰਗੀ ਨਛੱਤਰ ਸਿੰਘ ਵਾਸੀ ਵੈਰੋਕੇ ਥਾਣਾ ਛੋਟੇਸਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮਮਪਾਲ ਸਿੰਘ ਅਤੇ ਉਸ ਦੀ ਭੈਣ ਵੀਰਜੋਤ ਕੌਰ ਪਿੰਡ ਵੈਰੋਕੇ ਵਿਖੇ ਆਪਣੇ ਨਾਨਾ-ਨਾਨੀ ਦੇ ਘਰ ਰਹਿੰਦੇ ਸਨ। ਭਰਾ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਵੀਰਜੋਤ ਕੌਰ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਵੀਰਵਾਰ ਸਵੇਰੇ ਵੀਰਜੋਤ ਕੌਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਰਾਤ ਨੂੰ ਵਾਪਸ ਆ ਗਈ, ਜਿਸ ਕਾਰਨ ਮਮਪਾਲ ਸਿੰਘ ਅਤੇ ਵੀਰਜੋਤ ਕੌਰ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਉਸ ਦੀ ਦਾਦੀ ਰਾਣੀ ਕੌਰ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਮਪਾਲ ਸਿੰਘ ਨੇ ਗੁੱਸੇ 'ਚ ਆ ਕੇ ਆਪਣੀ ਭੈਣ ਵੀਰਜੋਤ ਕੌਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਆਪਣੀ ਦਾਦੀ ਨੂੰ ਧਮਕਾਇਆ ਅਤੇ ਉਸ ਨੂੰ ਚੁੱਪ ਕਰਵਾ ਦਿੱਤਾ। ਇਸ ਤੋਂ ਬਾਅਦ ਮਮਪਾਲ ਸਿੰਘ ਨੇ ਵੀਰਜੋਤ ਕੌਰ ਦੇ ਸਿਰ 'ਚੋਂ ਵਗਰਹੇ ਖੂਨ ਨੂੰ ਚਾਦਰ ਨਾਲ ਸਾਫ਼ ਕੀਤਾ ਅਤੇ ਉਸ ਦੇ ਸਿਰ 'ਤੇ ਰੁਮਾਲ ਬੰਨ੍ਹ ਕੇ ਵੀਰਜੋਤ ਕੌਰ ਨੂੰ ਦੂਜੇ ਕਮਰੇ 'ਚ ਬਿਸਤਰੇ 'ਤੇ ਬਿਠਾ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ। ਮੁਦਈ ਨਾਨੀ ਰਾਣੀ ਕੌਰ ਨੇ ਘਟਨਾ ਦੀ ਸੂਚਨਾ ਥਾਣਾ ਸਮਾਲਸਰ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਸਮਾਲਸਰ ਦੇ ਮੁੱਖ ਅਫਸਰ ਐਸਆਈ ਜਨਕ ਰਾਜ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਤਲਾਸ਼ੀ ਲੈਣ 'ਤੇ ਮੁਲਜ਼ਮ ਨੂੰ ਬੱਸ ਸਟੈਂਡ ਨੇੜੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

