ਹਾਜੀਪੁਰ: ਅਵਾਰਾ ਕੁੱਤਿਆਂ ਦਾ ਖਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅਵਾਰਾ ਕੁੱਤੇ ਹਰ ਰੋਜ਼ ਲੋਕਾਂ ਦਾ ਸ਼ਿਕਾਰ ਕਰ ਰਹੇ ਹਨ। ਇਸ ਦੌਰਾਨ ਹਾਜੀਪੁਰ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 6 ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਕੱਟ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਹਾਜੀਪੁਰ ਥਾਣਾ ਖੇਤਰ ਦੇ ਰਣਸੋਤਾ ਪਿੰਡ 'ਚ ਪੋਲਟਰੀ ਫਾਰਮ 'ਚ ਕੰਮ ਕਰਨ ਵਾਲੇ ਪ੍ਰਵਾਸੀ ਪਰਿਵਾਰ ਦੇ 6 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਰਾਮਨਾਥ ਆਪਣੇ ਪਰਿਵਾਰ ਨਾਲ ਮਸਿੰਦਰ ਕੁਮਾਰ ਦੇ ਪੋਲਟਰੀ ਫਾਰਮ 'ਚ ਰਹਿੰਦਾ ਸੀ। ਅੱਜ ਦੁਪਹਿਰ ਕਰੀਬ 3 ਵਜੇ ਰਾਮਨਾਥ ਦਾ ਪੁੱਤਰ ਚੰਦਨ ਕੁਮਾਰ ਖੇਤ ਨੇੜੇ ਖੇਡ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਬੱਚੇ ਦੀਆਂ ਚੀਕਾਂ ਸੁਣ ਕੇ ਨੇੜੇ ਕੰਮ ਕਰ ਰਹੇ ਇਕ ਵਿਅਕਤੀ ਨੇ ਉਸ ਨੂੰ ਕੁੱਤਿਆਂ ਤੋਂ ਬਚਾਇਆ। ਗੰਭੀਰ ਰੂਪ ਨਾਲ ਜ਼ਖਮੀ ਚੰਦਨ ਕੁਮਾਰ ਨੂੰ ਤੁਰੰਤ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਹੁਣ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਦਿਲਾਵਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਰੀਬ ਪ੍ਰਵਾਸੀ ਪਰਿਵਾਰ ਦੇ ਬੱਚੇ ਦੇ ਇਲਾਜ ਵਿਚ ਮਦਦ ਕਰੇ। ਉਨ੍ਹਾਂ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਖੇਤਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ ਹੈ।

