ਜਲੰਧਰ(ਬਿਊਰੋ)— ਸ਼ਹਿਰ 'ਚ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਨੂੰ ਲੈ ਕੇ ਸਥਿਤੀ ਸਾਫ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਮੇਅਰ ਲਈ ਵਾਰਡ-62 ਤੋਂ ਵਿਨੀਤ ਧੀਰ, ਸੀਨੀਅਰ ਡਿਪਟੀ ਮੇਅਰ ਲਈ ਵਾਰਡ-11 ਤੋਂ ਬਲਬੀਰ ਬਿੱਟੂ ਦੀ ਪਤਨੀ ਕੌਂਸਲਰ ਕਰਮਜੀਤ ਕੌਰ ਅਤੇ ਡਿਪਟੀ ਮੇਅਰ ਲਈ ਵਾਰਡ-38 ਤੋਂ ਐਸਸੀ ਧੀਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਰ ਇਨ੍ਹਾਂ ਨਾਵਾਂ 'ਤੇ ਅਜੇ ਮੋਹਰ ਲੱਗਣੀ ਬਾਕੀ ਹੈ ਅਤੇ ਇਸ ਤੋਂ ਪਹਿਲਾਂ ਇਨ੍ਹਾਂ ਨਾਵਾਂ 'ਚ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸਿਆ ਜਾ ਰਿਹਾ ਹੈ ਕਿ ਉੱਤਰੀ ਹਲਕੇ ਨੂੰ ਛੱਡ ਕੇ ਬਾਕੀ ਤਿੰਨ ਸਰਕਲਾਂ ਤੋਂ ਇਕ ਅਹੁਦੇ ਦਾ ਫਾਰਮੂਲਾ ਤੈਅ ਕੀਤਾ ਗਿਆ ਹੈ। ਉੱਤਰੀ ਹਲਕੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਕਿਉਂਕਿ ਇਸ ਸਰਕਲ ਵਿਚ ਦਾਅਵੇਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜਿਸ ਕਾਰਨ ਪਾਰਟੀ ਵਿਚ ਵਿਰੋਧ ਪੈਦਾ ਹੋ ਸਕਦਾ ਸੀ। ਇਸ ਲਈ ਫਿਲਹਾਲ ਇਸ ਸਰਕਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਅਤੇ ਬਾਕੀ ਤਿੰਨ ਸਰਕਲਾਂ 'ਚ 1-1 ਪੋਸਟ ਦਾ ਫਾਰਮੂਲਾ ਤੈਅ ਕੀਤਾ ਗਿਆ ਹੈ।
ਸਰਕਾਰ ਵੱਲੋਂ 11 ਜਨਵਰੀ ਨੂੰ ਸਦਨ ਦੀ ਮੀਟਿੰਗ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਹਾਊਸ ਮੀਟਿੰਗ ਦੌਰਾਨ ਚੁਣੇ ਗਏ ਕੌਂਸਲਰ ਸਹੁੰ ਚੁੱਕਣਗੇ ਅਤੇ ਉਸ ਤੋਂ ਬਾਅਦ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣਾਂ ਹੋਣਗੀਆਂ। ਉਂਝ ਆਮ ਆਦਮੀ ਪਾਰਟੀ ਵੱਲੋਂ ਤਿੰਨਾਂ ਅਹੁਦਿਆਂ ਲਈ ਤਿੰਨਾਂ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਸਿਰਫ ਇਸ ਦਾ ਐਲਾਨ ਹੋਣਾ ਬਾਕੀ ਹੈ।