ਬਠਿੰਡਾ: ਬਠਿੰਡਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਦੁਕਾਨ 'ਚ ਅੱਗ ਲੱਗ ਗਈ। ਦੁਕਾਨ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਘਟਨਾ ਦੇ ਸਮੇਂ ਦੁਕਾਨ ਮਾਲਕ ਕੁਲਦੀਪ ਸਿੰਘ ਅਤੇ ਉਸ ਦਾ ਪਰਿਵਾਰ ਦੁਕਾਨ ਦੇ ਉੱਪਰ ਘਰ 'ਚ ਸੁੱਤੇ ਹੋਏ ਸਨ। ਅੱਗ ਲੱਗਣ ਨਾਲ ਉਸ ਦੀ ਸਵਿਫਟ ਕਾਰ ਅਤੇ ਹੋਰ ਜਾਇਦਾਦ ਵੀ ਨੁਕਸਾਨੀ ਗਈ। ਦੁਕਾਨ ਮਾਲਕ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਪੂਰਾ ਪਰਿਵਾਰ ਇਸ ਵਿਚ ਫਸ ਗਿਆ। ਉਹ ਬੜੀ ਮੁਸ਼ਕਲ ਨਾਲ ਦੁਕਾਨ ਤੋਂ ਬਾਹਰ ਆਏ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬਾਕੀ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਪਲਾਸਟਿਕ ਦੀ ਤਰਪਾਲ 'ਤੇ ਛਾਲ ਮਾਰ ਦਿੱਤੀ।
ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਇਸ ਭਿਆਨਕ ਅੱਗ 'ਚ ਉਨ੍ਹਾਂ ਦਾ ਲਗਭਗ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅਨੁਮਾਨਤ ਨੁਕਸਾਨ 65-70 ਲੱਖ ਰੁਪਏ ਦੇ ਵਿਚਕਾਰ ਹੈ, ਜਿਸ ਵਿੱਚ 5 ਲੱਖ ਰੁਪਏ ਨਕਦ, ਰਿਵਾਲਵਰ, ਸੋਨੇ ਦੇ ਗਹਿਣੇ, ਸਵਿਫਟ ਕਾਰ ਅਤੇ ਘਰੇਲੂ ਕੀਮਤੀ ਸਾਮਾਨ ਸ਼ਾਮਲ ਹੈ।

