ਮੋਗਾ: ਮੋਗਾ ਦੇ ਫਿਰੋਜ਼ਪੁਰ ਰੋਡ 'ਤੇ ਇਕ ਦਰਦਨਾਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਇਕ ਮਸ਼ਹੂਰ ਧਾਰਮਿਕ ਸਥਾਨ ਦੇ ਮੁਖੀ ਦੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ 5 ਮਹੀਨੇ ਦੀ ਗਰਭਵਤੀ ਸੀ। ਹਾਦਸੇ ਤੋਂ ਬਾਅਦ ਪਤੀ-ਪਤਨੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਪਤੀ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ, ਪਰ ਬਲਕਾਰ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਨਿਧਾਨਵਾਲਾ ਦਾ ਵਸਨੀਕ ਬਲਕਾਰ ਸਿੰਘ (32) ਜੋ ਸਾਈਲੋ ਪਲਾਂਟ ਮੋਗਾ ਵਿਚ ਕੰਮ ਕਰਦਾ ਹੈ, ਆਪਣੀ ਪਤਨੀ ਲਵਜੀਤ ਕੌਰ (27) ਨਾਲ ਮੋਗਾ ਤੋਂ ਵਿਆਹ ਸਮਾਰੋਹ ਲਈ ਆਪਣੇ ਪਿੰਡ ਜਾ ਰਿਹਾ ਸੀ, ਜਦੋਂ ਉਹ ਘੱਲਾ ਕਲਾਂ ਤੋਂ ਦਰੋਲੀ ਵਿਚਕਾਰ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਅਚਾਨਕ ਪਿੱਛੋਂ ਆ ਰਹੀ ਫੋਰਡ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਲਵਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲਕਾਰ ਸਿੰਘ ਨੂੰ ਡੀਐਮਸੀ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਉਸ ਦੀ ਮੌਤ ਹੋ ਗਈ।